Parliament budget session : ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਪੜਾਅ ਦੇ ਪਹਿਲੇ ਦਿਨ ਹੀ ਹੰਗਾਮਾ ਵੀ ਨਜ਼ਰ ਆ ਰਿਹਾ ਹੈ। ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੰਗਾਮਾ ਖੜਾ ਕੀਤਾ ਹੈ। ਅੱਜ ਵੀ 11 ਵਜੇ ਤੋਂ ਦੋਵਾਂ ਸਦਨਾਂ ਵਿੱਚ ਕਾਰਵਾਈ ਸ਼ੁਰੂ ਹੋ ਗਈ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੰਸਦ ਵਿੱਚ ਮਹਿੰਗਾਈ ਦੇ ਮੁੱਦੇ ਨੂੰ ਪੂਰੇ ਜੋਰਾਂ-ਸ਼ੋਰਾਂ ਨਾਲ ਉਠਾਏਗੀ। ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਬਾਲਣ ਦੀ ਕੀਮਤ ਦਾ ਮੁੱਦਾ ਚੁੱਕਿਆ। ਕਾਂਗਰਸ ਨੇ ਸਦਨ ਤੋਂ ਵਾਕ ਆਊਟ ਵੀ ਕੀਤਾ ਸੀ।
ਰਾਜ ਸਭਾ ਵਿੱਚ, ਵਿਰੋਧੀ ਧਿਰ ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਉੱਤੇ ਤੁਰੰਤ ਵਿਚਾਰ ਵਟਾਂਦਰੇ ਦੀ ਮੰਗ ‘ਤੇ ਕਾਇਮ ਹੈ, ਹਾਲਾਂਕਿ, ਉਪ ਚੇਅਰਮੈਨ ਨੇ ਵਿਚਾਰ ਵਟਾਂਦਰੇ ਦੀ ਇਜਾਜ਼ਤ ਨਹੀਂ ਦਿੱਤੀ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ “ਅਸੀਂ ਨਿਯਮ 267 ਦੇ ਤਹਿਤ ਨਵਾਂ ਨੋਟਿਸ ਦਿੱਤਾ ਹੈ। ਸਾਡੀ ਮੰਗ ਹੈ ਕਿ ਮਿੱਟੀ ਦੇ ਤੇਲ, ਰਸੋਈ ਗੈਸ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਬਾਰੇ ਤੁਰੰਤ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਅੱਜ ਹੋਰ ਵਿਰੋਧੀ ਪਾਰਟੀਆਂ ਨੇ ਵੀ ਨੋਟਿਸ ਦਿੱਤੇ ਹਨ।” ਰਾਜ ਸਭਾ ਦੇ ਉਪ ਚੇਅਰਮੈਨ ਨੇ ਫਿਰ ਵਿਰੋਧੀ ਧਿਰ ਦੀ ਤੁਰੰਤ ਵਿਚਾਰ ਵਟਾਂਦਰੇ ਦੀ ਮੰਗ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਬਹਿਸ ਦੀ ਆਗਿਆ ਨਹੀਂ ਦੇ ਸਕਦੇ। ਇਸ ਵਿਚਕਾਰ ਹੁਣ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।