Parliament Budget Session : ਰਾਜ ਸਭਾ ਵਿੱਚ ਬੁੱਧਵਾਰ ਨੂੰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਤੁਰੰਤ ਵਿਚਾਰ ਵਟਾਂਦਰੇ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ ਹੈ, ਜਿਸ ਕਾਰਨ ਜ਼ੀਰੋ ਘੰਟਾ ਕਾਰਵਾਈ ਵਿੱਚ ਵਿਘਨ ਪਿਆ ਅਤੇ ਸਦਨ ਸਵੇਰ ਕਰੀਬ 11.15 ਵਜੇ ਤੋਂ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਵਿਰੋਧੀ ਧਿਰ ਦੀ ਅਗਵਾਈ ਕਰ ਰਹੇ ਮੱਲੀਕਾਰਜੁਨ ਖੜਗੇ ਨੇ ਕਿਸਾਨਾਂ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਦਿੱਤੇ ਨੋਟਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ, ਭਾਵੇਂ ਇਹ ਇੱਥੇ ਨਜ਼ਰ ਨਹੀਂ ਆਉਂਦਾ।
ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਮੈਂਬਰ ਦੀਪੇਂਦਰ ਹੁੱਡਾ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜੀਵ ਸੱਤਵ, ਰਾਜਦ ਦੇ ਮਨੋਜ ਝਾ ਅਤੇ ਡੀਐਮਕੇ ਦੇ ਟੀ ਸ਼ਿਵਾ ਵੱਲੋਂ ਨੋਟਿਸ 267 ਤਹਿਤ ਮੁਲਤਵੀ ਨੋਟਿਸ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਬਸਪਾ ਦੇ ਅਸ਼ੋਕ ਸਿਧਾਰਥ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਨੋਟਿਸ ਮਿਲਿਆ ਹੈ। ਇਸ ਤੋਂ ਪਹਿਲਾ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਨੇਤਾ ਪੈਟਰੋਲ, ਡੀਜ਼ਲ ਅਤੇ ਕਿਸਾਨਾਂ ਦੇ ਮੁੱਦੇ ‘ਤੇ ਲੋਕ ਸਭਾ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ। ਇਸ ‘ਤੇ ਲੋਕ ਸਭਾ ਸਪੀਕਰ ਨੇ ਕਿਹਾ,’ਤੁਸੀਂ ਨਾਅਰੇਬਾਜ਼ੀ ਕਰ ਰਹੇ ਹੋ। ਇਹ ਸਦਨ ਦੀ ਇੱਜ਼ਤ ਦੇ ਅਨੁਸਾਰ ਨਹੀਂ ਹੈ। ਇਹ ਗਲਤ ਹੈ। ਲੋਕਾਂ ਨੇ ਇਸ ਲਈ ਨਹੀਂ ਚੁਣਿਆ ਹੈ। ਇਸ ਤੋਂ ਬਾਅਦ ਲੋਕ ਸਭਾ ਨੂੰ ਦੁਪਹਿਰ 12.30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।’