Parliamentary panel on defence decides: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਨਾਲ ਲੱਗਦੇ LAC ਤੋਂ ਡਿਸਇੰਗੇਜਮੈਂਟ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਸੂਤਰਾਂ ਨੇ ਦੱਸਿਆ ਹੈ ਕਿ ਰੱਖਿਆ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਪੂਰਬੀ ਲੱਦਾਖ ਖੇਤਰ ਵਿੱਚ ਪੈਨਗੋਂਗ ਝੀਲ ਅਤੇ ਗਲਵਾਨ ਘਾਟੀ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ।
ਸੀਨੀਅਰ ਭਾਜਪਾ ਨੇਤਾ ਜੁਅਲ ਓਰਾਮ ਦੀ ਅਗਵਾਈ ਵਾਲੀ ਕਮੇਟੀ ਮਈ ਜਾਂ ਜੂਨ ਦੇ ਆਖਰੀ ਹਫ਼ਤੇ ਵਿੱਚ ਉੱਥੇ ਜਾਣਾ ਚਾਹੁੰਦੀ ਹੈ । ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਇਸ ਕਮੇਟੀ ਦੇ ਮੈਂਬਰ ਹਨ । ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਦਾ ਫੈਸਲਾ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਲਿਆ ਗਿਆ ਸੀ । ਉਸ ਬੈਠਕ ਵਿੱਚ ਰਾਹੁਲ ਗਾਂਧੀ ਸ਼ਾਮਿਲ ਨਹੀਂ ਹੋਏ ਸਨ। ਇਸ ਦੇ ਨਾਲ ਹੀ ਕਮੇਟੀ ਨੂੰ ਅਸਲ ਕੰਟਰੋਲ ਰੇਖਾ ‘ਤੇ ਜਾਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ।
ਉੱਥੇ ਹੀ ਦੂਜੇ ਪਾਸੇ ਪੈਨਗੋਂਗ-ਤਸੋ ਝੀਲ ਦੇ ਉੱਤਰ ਅਤੇ ਦੱਖਣ ਤੋਂ ਦੋਨੋਂ ਦੇਸ਼ਾਂ ਦੀਆਂ ਫੌਜਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਪੈਨਗੋਂਗ-ਤਸੋ ਝੀਲ ਦੇ ਦੱਖਣ ਤੋਂ ਚੀਨੀ ਫੌਜ ਦੇ ਟੈਂਕ ਪਿੱਛੇ ਜਾਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰ ਸਮਝੌਤੇ ਦੀ ਮੇਜ਼ ‘ਤੇ ਦਿਖਾਈ ਦਿੱਤੇ।
ਦੱਸ ਦੇਈਏ ਕਿ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਦੇ ਪੈਨਗੋਂਗ ਸੋ (ਝੀਲ) ਖੇਤਰ ਵਿੱਚ ਫੌਜਾਂ ਨੂੰ ਹਟਾਉਣ ਦੀ ਪ੍ਰਕਿਰਿਆ ‘ਤੇ ਸਮਝੌਤਾ ਕਰਦਿਆਂ ਭਾਰਤ ਨੇ ਕਿਸੇ ਵੀ ਇਲਾਕੇ ਤੋਂ ਕੋਈ ਦਾਅਵਾ ਨਹੀਂ ਛੱਡਿਆ ਗਿਆ ਹੈ ।