Penalty for Late Filing ITR: ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਨੇ ਹਾਲ ਹੀ ਵਿੱਚ ਇੱਕ ਵਾਰ ਫਿਰ ਇਨਕਮ ਟੈਕਸ ਰਿਟਰਨ (ITR) ਦਾਇਰ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ 2019-20 ਲਈ ਟੈਕਸ ਰਿਟਰਨ 10 ਜਨਵਰੀ ਤੱਕ ਦਾਖਲ ਕੀਤਾ ਜਾ ਸਕੇਗਾ। ਅਜਿਹੀ ਸਥਿਤੀ ਵਿੱਚ ਟੈਕਸ ਅਦਾਕਾਰਾਂ ਨੂੰ ਸਮੇਂ ਸਿਰ ITR ਦਾਇਰ ਕਰ ਦੇਣਾ ਚਾਹੀਦਾ ਹੈ। ਸਮੇਂ ‘ਤੇ ਟੈਕਸ ਜਮ੍ਹਾ ਨਾ ਕਰਨ ‘ਤੇ ਟੈਕਸਦਾਤਾਵਾਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ । ਜੇ ਤੁਸੀਂ 10 ਜਨਵਰੀ ਤੋਂ ਬਾਅਦ ਫਾਈਲ ਕਰਦੇ ਹੋ ਤਾਂ ਟੈਕਸਦਾਤਾ ਨੂੰ 10 ਹਜ਼ਾਰ ਰੁਪਏ ਲੇਟ ਫੀਸ ਦੇਣੀ ਪਵੇਗੀ। ਜਿਨ੍ਹਾਂ ਟੈਕਸਦਾਤਾਵਾਂ ਦੀ ਆਮਦਨੀ 5 ਲੱਖ ਰੁਪਏ ਤੋਂ ਵੱਧ ਨਹੀਂ ਹੈ, ਉਨ੍ਹਾਂ ਨੂੰ ਲੇਟ ਫੀਸ ਵਜੋਂ ਸਿਰਫ 1 ਹਜ਼ਾਰ ਰੁਪਏ ਹੀ ਦੇਣੇ ਪੈਣਗੇ।
ITR ਦਾਇਰ ਕਰਨ ਵਿੱਚ ਦੇਰੀ ਕਾਰਨ ਟੈਕਸਦਾਤਾ ਨੂੰ ਜੁਰਮਾਨਾ ਤਾਂ ਭਰਨਾ ਹੀ ਪੈਂਦਾ ਹੈ ਤੇ ਇਸਦੇ ਨਾਲ ਹੀ ਕਈ ਕਿਸਮਾਂ ਦੇ ਆਮਦਨ ਟੈਕਸ ਛੋਟ ਵੀ ਤੁਹਾਨੂੰ ਨਹੀਂ ਮਿਲਦੀ ਹੈ । ਇਸ ਨਾਲ ਇਨਕਮ ਟੈਕਸ ਐਕਟ ਦੀ ਧਾਰਾ-10A ਅਤੇ ਸੈਕਸ਼ਨ-10B ਦੇ ਤਹਿਤ ਛੋਟ ਨਹੀਂ ਮਿਲਦੀ ਹੈ। ਉੱਥੇ ਹੀ ਧਾਰਾ-80IA, 80IAB, 80IC, 80ID ਅਤੇ 80IE ਦੇ ਅਧੀਨ ਮਿਲਣ ਵਾਲੀ ਛੋਟ ਤੁਹਾਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਦੇਰੀ ਨਾਲ ਇਨਕਮ ਟੈਕਸ ਰਿਟਰਨ ਦਾਇਰ ਕਰਨ ਕਾਰਨ ਆਮਦਨ ਕਾਨੂੰਨ ਦੀ ਧਾਰਾ-80IAC,80IBA, 80JJA,80JJAA, 80LA, 80P, 80PA, 80QQB ਤੇ 80RRB ਦੇ ਤਹਿਤ ਕਟੌਤੀ ਦਾ ਲਾਭ ਨਹੀਂ ਮਿਲੇਗਾ।
ਦੱਸ ਦੇਈਏ ਕਿ ਜੇ ਤੁਸੀਂ ਆਮਦਨੀ ਟੈਕਸ ਦਾ ਭੁਗਤਾਨ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਨੂੰ ਨੋਟਿਸ ਜਾਰੀ ਕਰ ਸਕਦਾ ਹੈ। ਜੇ ਤੁਸੀਂ ਰਿਟਰਨ ਫਾਈਲ ਨਹੀਂ ਕਰਦੇ ਹੋ, ਤਾਂ ਤੁਸੀਂ ਅਗਲੇ ਵਿੱਤੀ ਸਾਲ ਵਿੱਚ ਮੌਜੂਦਾ ਮੁਲਾਂਕਣ ਸਾਲ ਦਾ ਨੁਕਸਾਨ ਨਹੀਂ ਲੈ ਸਕਦੇ। ਅਜਿਹੇ ਲੋਕਾਂ ‘ਤੇ ਟੈਕਸ ਗਣਨਾ ਦੇ ਮੁੱਲ ਦਾ 50% ਤੋਂ 200% ਤੱਕ ਜੁਰਮਾਨਾ ਲੱਗ ਸਕਦਾ ਹੈ। ਨਾਲ ਹੀ, ਉੱਚ ਮੁੱਲ ਵਾਲੇ ਕੇਸਾਂ ਵਿੱਚ 7 ਸਾਲ ਦੀ ਸਖਤ ਕੈਦ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 31 ਦਸੰਬਰ ਤੱਕ ਕੁੱਲ 4.37 ਕਰੋੜ ITR ਭਰੇ ਜਾ ਚੁੱਕੇ ਹਨ। ਪਹਿਲੀ ਵਾਰ ITR ਦੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕੀਤੀ ਗਈ ਸੀ ਤੇ ਫਿਰ ਬਾਅਦ ਵਿੱਚ ਇਸਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ।