PM Kisan Samman Nidhi Yojana: ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪੀਐੱਮ ਕਿਸਾਨ ਯੋਜਨਾ ਦੇ ਰੂਪ ਵਿੱਚ ਲੋਕਾਂ ਵਿਚਕਾਰ ਮਸ਼ਹੂਰ ਹੈ । ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਦੇਸ਼ ਦੇ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮਦਦ ਨਾਲ ਦੇਸ਼ ਦੇ ਕਿਸਾਨ ਵਿਆਜ ‘ਤੇ ਕਰਜ਼ ਲੈਣ ਤੋਂ ਬਚ ਜਾਂਦੇ ਹਨ । ਦਰਅਸਲ, ਸਰਕਾਰ ਵੱਲੋਂ ਕੋਰੋਨਾ ਸੰਕਟ ਦੌਰਾਨ ਵੀ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਸ ਸਕੀਮ ਰਾਹੀਂ 2,000 ਰੁਪਏ ਹੀ ਆਰਥਿਕ ਮਦਦ ਮੁਹੱਈਆ ਕਰਵਾਈ ਗਈ । ਇਸ ਸਕੀਮ ਤਹਿਤ ਸਰਕਾਰ ਦੇਸ਼ ਦੇ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਰਕਮ ਮੁਹੱਈਆ ਕਰਵਾਉਂਦੀ ਹੈ । ਕਿਸਾਨਾਂ ਦੇ ਖਾਤੇ ਵਿੱਚ ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਵਿੱਤੀ ਵਰ੍ਹੇ 2020-21 ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਵਿੱਚ ਦਿੱਤੀ ਜਾ ਚੁੱਕੀ ਹੈ ਤੇ ਇਸ ਦੀ ਦੂਜੀ ਕਿਸ਼ਤ ਸਰਕਾਰ ਵੱਲੋਂ ਅਗਸਤ ਵਿੱਚ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਸਕਦੀ ਹੈ।
ਦਰਅਸਲ, ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦੀਆਂ ਕੁਝ ਖ਼ਾਸ ਗੱਲਾਂ ਵੀ ਹਨ। ਇਸ ਸਕੀਮ ਵਿੱਚ ਪੂਰੀ ਫੰਡਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ । ਇਸ ਸਕੀਮ ਦਾ ਲਾਭ ਕਿਸਾਨ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ । ਇਸ ਯੋਜਨਾ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਰਾਸ਼ੀ ਸਿੱਧਾ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਕਿਸਾਨਾਂ, ਸੂਬਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ, ਸੇਵਾ ਮੁਕਤ ਅਧਿਕਾਰੀਆਂ, ਪੀਐੱਸਯੂ ਤੇ ਖ਼ੁਦਮੁਖ਼ਤਿਆਰ ਸੰਗਠਨਾਂ ਦੇ ਮੁਲਾਜ਼ਮਾਂ, ਉੱਚ ਆਰਥਿਕ ਦਰਜੇ ਵਾਲੇ ਲੋਕਾਂ, ਆਮਦਨ ਕਰ ਦਾਤਿਆਂ, ਸੰਵਿਧਾਨਕ ਅਹੁਦਿਆਂ ‘ਤੇ ਕਾਬਜ਼ ਕਿਸਾਨ ਪਰਿਵਾਰ, ਡਾਕਟਰ, ਵਕੀਲ ਤੇ ਇੰਜੀਨੀਅਰ ਵਰਗੇ ਪੇਸ਼ੇਵਰ ਤੇ 10,000 ਰੁਪਏ ਤੋਂ ਜ਼ਿਆਦਾ ਦੀ ਮਹੀਨਾਵਾਰੀ ਪੈਨਸ਼ਨ ਹਾਸਲ ਕਰ ਰਹੇ ਸੇਵਾਮੁਕਤ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ।
ਜੇਕਰ ਤੁਸੀਂ ਇਸ ਯੋਜਨਾ ਦੇ ਪਾਤਰ ਹੋ ਤੇ ਹਾਲੇ ਤੱਕ ਤੁਸੀ ਇਸਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਤੁਸੀ ਘਰ ਬੈਠੇ ਇਸ ਤਰ੍ਹਾਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। । ਇਸਦੀ ਰਜਿਸਟ੍ਰੇਸ਼ਨ ਲਈ ਸੂਬਾ ਸਰਕਾਰ ਵੱਲੋਂ ਨਿਯੁਕਤ ਨੋਡਲ ਅਧਿਕਾਰੀ ਜਾਂ ਪਟਵਾਰੀ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਪੀਐੱਮ ਕਿਸਾਨ ਪੋਰਟਲ ਜ਼ਰੀਏ ਵੀ ਇਸ ਸਕੀਮ ਲਈ ਅਪਲਾਈ ਕੀਤਾ ਜਾ ਸਕਦਾ ਹੈ ।
ਪੀਐੱਮ ਕਿਸਾਨ ਪੋਰਟਲ ਜ਼ਰੀਏ ਇਸ ਤਰ੍ਹਾਂ ਕਰੋ ਅਪਲਾਈ
ਸਭ ਤੋਂ ਪਹਿਲਾਂ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਜਾਓ । ਜਿੱਥੇ ਤੁਹਾਨੂੰ ‘Farmers Corner’ ਨਾਂ ਦਾ ਇੱਕ ਆਪਸ਼ਨ ਦਿਖਾਈ ਦੇਵੇਗਾ । ਜਿਸ ਤੋਂ ਬਾਅਦ ਡਰਾਪ ਡਾਊਨ ਲਿਸਟ ਵਿੱਚ ਤੁਹਾਨੂੰ ‘New Farmer Registration’ ਦਾ ਆਪਸ਼ਨ ਦਿਖਾਈ ਦੇਵੇਗਾ । ਇਸ ਸਭ ਤੋਂ ਬਾਅਦ ‘New Farmer Registration’ ਆਪਸ਼ਨ ‘ਤੇ ਕਲਿੱਕ ਕਰੋ । ਜਿਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ, ਜਿਸ ਵਿੱਚ ਆਧਾਰ ਨੰਬਰ ਤੇ ਕੈਪਚਾ ਕੋਡ ਭਰੋ । ਆਧਾਰ ਨੰਬਰ ਪਾ ਕੇ ਪ੍ਰੋਸੈੱਸ ਅੱਗੇ ਵਧਾਉਣ ਤੋਂ ਬਾਅਦ ਤੁਹਾਨੂੰ ਮੁੱਢਲੀ ਜਾਣਕਾਰੀ ਭਰਨੀ ਪਵੇਗੀ । ਇਸਦੇ ਨਾਲ ਹੀ ਆਪਣੇ ਨਾਂ ‘ਤੇ ਦਰਜ ਜ਼ਮੀਨ ਦਾ ਵੇਰਵਾ ਦਿਓ। ਇਸ ਸਭ ਤੋਂ ਬਾਅਦ ਤੁਸੀਂ ਫਾਰਮ ਨੂੰ ਸਬਮਿਟ ਕਰ ਦਿਉ । ਜਿਸ ਨਾਲ ਤੁਹਾਡੀ ਰਜਿਸਟ੍ਰੇਸ਼ਨ ਆਸਾਨੀ ਨਾਲ ਹੋ ਜਾਵੇਗੀ।