Pm modi has praised : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਰਾਜ ਸਭਾ ਨੂੰ ਸੰਬੋਧਨ ਕੀਤਾ ਹੈ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਣੇ ਚਾਰ ਸੰਸਦ ਮੈਂਬਰਾਂ ਨੂੰ ਅੱਜ ਸਦਨ ਵਿੱਚ ਵਿਦਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਪ੍ਰਸ਼ੰਸਾ ਕੀਤੀ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਦਲ ਦੇ ਨਾਲ-ਨਾਲ ਦੇਸ਼ ਬਾਰੇ ਵੀ ਸੋਚਦੇ ਹਨ, ਕਿਸੇ ਲਈ ਵੀ ਉਨ੍ਹਾਂ ਜਗ੍ਹਾ ਭਰਨਾ ਮੁਸ਼ਕਿਲ ਹੋਵੇਗਾ। ਜਦੋਂ ਮੈਂ ਚੁਣਾਵੀ ਰਾਜਨੀਤੀ ਵਿੱਚ ਨਹੀਂ ਆਇਆ ਸੀ, ਉਸ ਸਮੇ ਗੁਲਾਮ ਨਬੀ ਆਜ਼ਾਦ ਅਤੇ ਮੈਂ ਲਾਬੀ ਵਿੱਚ ਗੱਲ ਕਰ ਰਹੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਪੱਤਰਕਾਰਾਂ ਨੇ ਸਾਨੂੰ ਗੱਲਾਂ ਕਰਦਿਆਂ ਵੇਖਿਆ ਤਾਂ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਜਵਾਬ ਦਿੱਤਾ ਕਿ ਭਾਵੇਂ ਤੁਸੀਂ ਟੀਵੀ ‘ਤੇ ਲੀਡਰਾਂ ਨੂੰ ਲੜਦੇ ਵੇਖਦੇ ਹੋ, ਪਰ ਇਥੇ ਇੱਕ ਪਰਿਵਾਰ ਵਰਗਾ ਮਾਹੌਲ ਹੈ। ਇੱਕ ਅੱਤਵਾਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਨਾਲ ਫੋਨ ‘ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਸਦਨ ਵਿੱਚ ਭਾਵੁਕ ਹੋ ਗਏ।
ਪੀਐਮ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਥੇ ਘਰ ਵਿੱਚ ਬਾਗ਼ ਸੰਭਾਲਦੇ ਹਨ, ਜੋ ਕਸ਼ਮੀਰ ਦੀ ਯਾਦ ਦਿਵਾਉਂਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਅੱਤਵਾਦੀਆਂ ਨੇ ਗੁਜਰਾਤ ਦੇ ਯਾਤਰੀਆਂ ‘ਤੇ ਹਮਲਾ ਕੀਤਾ ਤਾਂ ਗੁਲਾਮ ਨਬੀ ਆਜ਼ਾਦ ਜੀ ਦਾ ਪਹਿਲਾ ਫੋਨ ਉਨ੍ਹਾਂ ਕੋਲ ਆਇਆ। ਉਹ ਫੋਨ ਸਿਰਫ ਜਾਣਕਾਰੀ ਦੇਣ ਲਈ ਨਹੀਂ ਸੀ, ਗੁਲਾਮ ਨਬੀ ਆਜ਼ਾਦ ਦੇ ਹੰਝੂ ਫੋਨ ‘ਤੇ ਨਹੀਂ ਰੁਕ ਰਹੇ ਸਨ। ਪੀਐਮ ਮੋਦੀ ਨੇ ਕਿਹਾ ਕਿ ਉਸ ਸਮੇਂ ਪ੍ਰਣਬ ਮੁਖਰਜੀ ਰੱਖਿਆ ਮੰਤਰੀ ਸਨ, ਫਿਰ ਉਨ੍ਹਾਂ ਨੂੰ ਸੈਨਿਕ ਹਵਾਈ ਜਹਾਜ਼ ਦਾ ਪ੍ਰਬੰਧ ਕਰਨ ਲਈ ਮੰਗ ਕੀਤੀ ਗਈ। ਉਸੇ ਸਮੇਂ, ਗੁਲਾਮ ਨਬੀ ਆਜ਼ਾਦ ਨੇ ਹਵਾਈ ਅੱਡੇ ਤੋਂ ਹੀ ਫੋਨ ਕੀਤਾ, ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਦੀ ਚਿੰਤਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਆਜ਼ਾਦ ਜੀ ਨੇ ਉਨ੍ਹਾਂ ਦੀ ਚਿੰਤਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੱਤਾ ਜ਼ਿੰਦਗੀ ‘ਚ ਆਉਂਦੀ ਜਾਂਦੀ ਰਹਿੰਦੀ ਹੈ, ਇਸ ਨੂੰ ਕਿਵੇਂ ਹਜ਼ਮ ਕੀਤਾ ਜਾਵੇ, ਉਹ ਗੁਲਾਮ ਨਬੀ ਆਜ਼ਾਦ ਜੀ ਤੋਂ ਸਿੱਖਣ ਨੂੰ ਮਿਲਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇੱਕ ਦੋਸਤ ਵਜੋਂ ਮੈਂ ਆਜ਼ਾਦ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ।
ਇਹ ਵੀ ਦੇਖੋ : ਲੁਧਿਆਣਾ ਦੇ ਸ਼ਾਹੀ ਇਮਾਮ ਦਾ ਐਲਾਨ-ਕਿਸਾਨਾਂ ਦੇ ਹੱਕ ‘ਚ ਲੱਖਾਂ ਮੁਸਲਮਾਨ ਦਾ ਇਕੱਠ ਘੇਰੇਗਾ ਮੋਦੀ ਸਰਕਾਰ