Pm modi in bangladesh sanjay singh : ਬੰਗਲਾਦੇਸ਼ ਦੀ 50 ਵੀਂ ਵਰ੍ਹੇਗੰਢ ‘ਤੇ ਬਤੌਰ ਮਹਿਮਾਨ ਵਜੋਂ ਬੁਲਾਏ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਢਾਕਾ ਦੇ ਨੈਸ਼ਨਲ ਪਰੇਡ ਗਰਾਉਂਡ ਵਿੱਚ ਬੋਲਦਿਆਂ ਕਿਹਾ ਕਿ ਉਹ ਵੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨੇ ਸੱਤਿਆਗ੍ਰਹਿ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਹ 20-22 ਸਾਲਾਂ ਦੇ ਸੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਬੰਗਲਾਦੇਸ਼ ਦੀ ਆਜ਼ਾਦੀ ਲਈ ਜੇਲ੍ਹ ਵੀ ਗਏ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਸਮੇਤ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦੇ ਇਸ ਅੰਸ਼ ਉੱਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਜਤਾਇਆ ਹੈ।
ਸੰਜੇ ਸਿੰਘ ਨੇ ਟਵੀਟ ਕਰ ਲਿਖਿਆ, “ਭਾਰਤ ਸਰਕਾਰ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਬੰਗਲਾਦੇਸ਼ ਦੇ ਨਾਲ ਸੀ। ਪਾਕਿਸਤਾਨ ਨਾਲ ਲੜਾਈ ਚੱਲ ਰਹੀ ਸੀ, ਫਿਰ ਮੋਦੀ ਜੀ ਨੂੰ ਜੇਲ੍ਹ ਕਿਸ ਨੇ ਭੇਜਿਆ ਸੀ ? ਭਾਰਤ ਨੇ ਜਾਂ ਪਾਕਿਸਤਾਨ ਨੇ ?” ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਨਰਿੰਦਰ ਮੋਦੀ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਆਪਣੇ ਟਵਿੱਟਰ ‘ਤੇ ਲਿਖਿਆ, “ਮੰਨੋ ਜਾਂ ਨਾ ਮੰਨੋ। ਉਨ੍ਹਾਂ ਦੇ ਚਾਹ ਵੇਚਣ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਦੀ ਪੜ੍ਹਾਈ ਦਾ ਵੀ ਕੋਈ ਰਿਕਾਰਡ ਨਹੀਂ ਹੈ, ਅਤੇ ਹੁਣ ਇਹ! ਸਪੱਸ਼ਟ ਹੈ, ਇਸਦਾ ਵੀ ਕੋਈ ਰਿਕਾਰਡ ਨਹੀਂ ਹੋਵੇਗਾ! ਕੀ ਉਹ ਜਨਮ ਤੋਂ ਝੂਠੇ ਹਨ ? ਫੇਕੂ ਹਨ? ਫੈਸਲਾ ਤੁਸੀਂ ਕਰੋ।”
ਸੇਵਾਮੁਕਤ ਆਈਏਐਸ ਸੂਰਿਆ ਪ੍ਰਤਾਪ ਸਿੰਘ ਨੇ ਟਵਿੱਟਰ ‘ਤੇ ਵਿਅੰਗਾਤਮਕ ਢੰਗ ਨਾਲ ਲਿਖਿਆ, “ਹੜੱਪਾ ਦੀ ਖੁਦਾਈ ਵੇਲੇ ਸਭ ਤੋਂ ਪਹਿਲਾਂ ਛੇਣੀ ਅਤੇ ਹਥੌੜੇ ਲੈ ਕੇ ਮੋਦੀ ਜੀ ਪਹੁੰਚੇ ਸਨ।” ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ, “ਬੰਗਲਾਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਾ ਮੇਰੀ ਜ਼ਿੰਦਗੀ ਦੇ ਪਹਿਲੇ ਅੰਦੋਲਨਾਂ ਵਿੱਚੋਂ ਇੱਕ ਸੀ। ਜਦੋਂ ਮੈਂ ਅਤੇ ਮੇਰੇ ਸਹਿਯੋਗੀਆਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ ਓਦੋ ਮੇਰੀ ਉਮਰ 20-22 ਸਾਲ ਹੋਵੇਗੀ। ਮੈਂ ਬੰਗਲਾਦੇਸ਼ ਦੀ ਆਜ਼ਾਦੀ ਦੇ ਹੱਕ ਵਿੱਚ ਗ੍ਰਿਫਤਾਰੀ ਵੀ ਦਿੱਤੀ ਸੀ ਅਤੇ ਜੇਲ੍ਹ ਜਾਣ ਦਾ ਮੌਕਾ ਵੀ ਆਇਆ ਸੀ।”