PM Modi launches Amrut Mahotsav: ਸਾਲ 2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣਗੇ । ਇਸ ਦੇ ਨਾਲ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਮਕ ਸੱਤਿਆਗ੍ਰਹਿ ਦੇ 91 ਸਾਲ ਵੀ ਪੂਰੇ ਹੋ ਗਏ ਹਨ। ਇਸ ਮੌਕੇ ਪੀਐੱਮ ਮੋਦੀ ਸਾਬਰਮਤੀ ਆਸ਼ਰਮ ਤੋਂ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਕੀਤੀ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਪ੍ਰੋਗਰਾਮ ਦੇ ਅੰਤ ਵਿੱਚ ਪੀਐੱਮ ਮੋਦੀ ਨੇ ਡਾਂਡੀ ਯਾਤਰਾ ਨੂੰ ਹਰੀ ਝੰਡੀ ਦਿੱਤੀ। ਇਹ ਪ੍ਰੋਗਰਾਮ 15 ਅਗਸਤ 2023 ਤੱਕ ਚੱਲੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਲਈ ਅੱਗੇ ਵੱਧ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਸੰਘਰਸ਼ ਹਨ, ਜਿਨ੍ਹਾਂ ਦਾ ਅੱਜ ਨਾਮ ਨਹੀਂ ਲਿਆ ਜਾਂਦਾ ਹੈ, ਪਰ ਹਰ ਕਿਸੇ ਦਾ ਆਪਣਾ ਮਹੱਤਵ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੀਆਂ ਉਪਲੱਬਧੀਆਂ ਅੱਜ ਸਿਰਫ ਸਾਡੀ ਆਪਣੀ ਨਹੀਂ ਹਨ, ਬਲਕਿ ਇਹ ਪੂਰੀ ਦੁਨੀਆਂ ਨੂੰ ਰੌਸ਼ਨੀ ਦਿਖਾਉਣ ਵਾਲੀ ਹੈ, ਪੂਰੀ ਮਨੁੱਖਤਾ ਨੂੰ ਉਮੀਦ ਜਗਾਉਣ ਵਾਲੀ ਹੈ । ਭਾਰਤ ਦੀ ਸਵੈ-ਨਿਰਭਰਤਾ ਨਾਲ ਭਰੀ ਸਾਡੀ ਵਿਕਾਸ ਯਾਤਰਾ ਪੂਰੀ ਦੁਨੀਆ ਦੀ ਵਿਕਾਸ ਯਾਤਰਾ ਨੂੰ ਹੁਲਾਰਾ ਦੇਣ ਜਾ ਰਹੀ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਹਿਮਦਾਬਾਦ ਦਾ ਸਾਬਰਮਤੀ ਆਸ਼ਰਮ ਅੱਜ ਇੱਕ ਵਾਰ ਫਿਰ ਤੋਂ ਡਾਂਡੀ ਮਾਰਚ ਦੀ ਗਵਾਹੀ ਬਣ ਰਿਹਾ ਹੈ, ਜਿਸ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਸਭ ਤੋਂ ਵੱਡੇ ਸੰਘਰਸ਼ ਦੀ ਮਜ਼ਬੂਤ ਨੀਂਹ ਰੱਖੀ ਸੀ । 12 ਮਾਰਚ 1930 ਵਿੱਚ ਮਹਾਤਮਾ ਗਾਂਧੀ ਨੇ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ । ਅੱਜ ਉਸ ਸੰਘਰਸ਼ ਨੂੰ ਯਾਦ ਕਰਨ ਲਈ ਯਾਤਰਾ ਕੱਢੀ ਜਾ ਰਹੀ ਹੈ।
ਇਹ ਵੀ ਦੇਖੋ: ਮਾਂ ਪੁੱਤ ਦੀ ਇਸ ਜੋੜੀ ਦੇ ਬਣਾਏ ਸੂਟਾਂ ਦੀ ਚੰਡੀਗੜ੍ਹ ਤੋਂ ਮੁੰਬਈ ਦੀਆਂ ਮਾਡਲਾਂ ਤੱਕ ਚਰਚਾ