PM Modi launches National Digital Health Mission: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਨੂੰ ਸੰਬੋਧਿਤ ਕੀਤਾ । ਇਸ ਮੌਕੇ ਉਨ੍ਹਾਂ ਨੇ ਅੱਜ ਤੋਂ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਭਾਰਤ ਦੇ ਸਿਹਤ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਏਗਾ।
ਉਨ੍ਹਾਂ ਕਿਹਾ ਕਿ ਅੱਜ ਤੋਂ ਦੇਸ਼ ਵਿੱਚ ਇੱਕ ਹੋਰ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ। ਹੁਣ ਤੁਹਾਡੇ ਹਰ ਟੈਸਟ, ਹਰ ਬਿਮਾਰੀ, ਕਿਹੜੇ ਡਾਕਟਰ ਨੇ ਤੁਹਾਨੂੰ ਕਿਹੜੀ ਦਵਾਈ ਦਿੱਤੀ, ਕਦੋਂ, ਤੁਹਾਡੀਆਂ ਰਿਪੋਰਟਾਂ ਕੀ ਸਨ, ਇਹ ਸਾਰੀ ਜਾਣਕਾਰੀ ਇਸ ਇੱਕ ਹੈਲਥ ਆਈਡੀ ਵਿੱਚ ਪਾਈ ਜਾਵੇਗੀ।
ਕਿਸ ਤਰ੍ਹਾਂ ਕੰਮ ਕਰੇਗਾ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ
ਇਸ ਮਿਸ਼ਨ ਦੇ ਤਹਿਤ ਡਾਕਟਰ ਦੇ ਵੇਰਵਿਆਂ ਦੇ ਨਾਲ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦੀ ਜਾਣਕਾਰੀ ਇੱਕ ਐਪ ‘ਤੇ ਉਪਲਬਧ ਹੋਵੇਗੀ। ਇਸ ਐਪ ਨੂੰ ਡਾਉਨਲੋਡ ਕਰਕੇ ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇੱਕ ਹੈਲਥ ਆਈਡੀ ਮਿਲੇਗੀ। ਇਸ ਨਾਲ ਕੀਤੇ ਜਾਣ ਵਾਲੇ ਇਲਾਜ ਅਤੇ ਟੈਸਟ ਬਾਰੇ ਪੂਰੀ ਜਾਣਕਾਰੀ ਨੂੰ ਡਿਜੀਟਲ ਰੂਪ ਵਿਚ ਸੁਰੱਖਿਅਤ ਕਰਨਾ ਪਵੇਗਾ ਤਾਂ ਜੋ ਇਸ ਦਾ ਰਿਕਾਰਡ ਰੱਖਿਆ ਜਾ ਸਕੇ। ਜਦੋਂ ਤੁਸੀਂ ਇਲਾਜ ਲਈ ਕਿਸੇ ਹਸਪਤਾਲ ਜਾਂ ਡਾਕਟਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਸਾਰੇ ਪਰਚੇ ਅਤੇ ਟੈਸਟ ਦੀ ਰਿਪੋਰਟ ਲਿਜਾਣੀ ਪਵੇਗੀ। ਡਾਕਟਰ ਕਿਤੇ ਵੀ ਬੈਠ ਕੇ ਤੁਹਾਡੀ ਆਈਡੀ ਰਾਹੀਂ ਸਾਰਾ ਰਿਕਾਰਡ ਦੇਖ ਸਕਣਗੇ। ਇਸ ‘ਤੇ ਰਜਿਸਟਰੀ ਕਰਨਾ ਸਵੈਇੱਛੁਕ ਹੋਵੇਗਾ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਕੋਰੋਨਾ ਦੀਆਂ ਇੱਕ, ਦੋ ਨਹੀਂ, ਤਿੰਨ ਵੈਕਸੀਨ ਟੈਸਟਿੰਗ ਪੜਾਅ ਵਿੱਚ ਹਨ । ਜਿਵੇਂ ਹੀ ਵਿਗਿਆਨੀਆਂ ਤੋਂ ਹਰੀ ਝੰਡੀ ਮਿਲਦੀ ਹੈ, ਦੇਸ਼ ਉਨ੍ਹਾਂ ਵੈਕਸੀਨ ਦੇ ਵਿਸ਼ਾਲ ਉਤਪਾਦਨ ਲਈ ਤਿਆਰ ਹੈ । ਉਸਨੇ ਕਿਹਾ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਸਾਡੇ ਦੇਸ਼ ਵਿੱਚ ਕੋਰੋਨਾ ਟੈਸਟਿੰਗ ਲਈ ਸਿਰਫ ਇੱਕ ਲੈਬ ਸੀ। ਹੁਣ ਦੇਸ਼ ਵਿੱਚ 1,400 ਤੋਂ ਵੱਧ ਲੈਬਾਂ ਹਨ।