PM Modi Mann ki Baat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ । ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਦੇ ਹਨ ਅਤੇ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਵਿਚ ਲੋਕਾਂ ਤੋਂ ਕਹਾਣੀਆਂ ਵੀ ਸੁਣੀਆਂ । ਉਨ੍ਹਾਂ ਨੇ ਬਹੁਤ ਸਾਰੇ ਪ੍ਰੇਰਣਾਦਾਇਕ ਹਵਾਲਿਆਂ ਨੂੰ ਉਭਾਰਿਆ। ਮਹਾਤਮਾ ਗਾਂਧੀ, ਭਗਤ ਸਿੰਘ ਤੋਂ ਲੈ ਕੇ ਖੇਤੀ ਤੱਕ ਦੇ ਮੁੱਦੇ ਬਾਰੇ ਗੱਲ ਕੀਤੀ । ਉਨ੍ਹਾਂ ਨੇ ਖੇਤੀਬਾੜੀ ਬਿੱਲ ਦੇ ਫਾਇਦਿਆਂ ਬਾਰੇ ਵੀ ਦੱਸਿਆ।
ਸਭ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਕੋਰੋਨਾ ਕਾਲ ਦੌਰਾਨ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੋ ਗਜ਼ ਦੀ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾ ਦੇ ਇਸ ਦੌਰ ਵਿੱਚ ਪੂਰੀ ਦੁਨੀਆ ਕਈ ਤਬਦੀਲੀਆਂ ਵਿਚੋਂ ਲੰਘ ਰਹੀ ਹੈ। ਅੱਜ, ਜਦੋਂ ਦੋ ਗਜ਼ ਦੀ ਦੂਰੀ ਇੱਕ ਲਾਜ਼ਮੀ ਜ਼ਰੂਰਤ ਬਣ ਗਈ ਹੈ। ਇਸ ਸੰਕਟ ਦੇ ਸਮੇਂ ਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਇਕੱਠਿਆਂ ਕਰਨ ਅਤੇ ਉਨ੍ਹਾਂ ਨੂੰ ਨੇੜੇ ਲਿਆਉਣ ਲਈ ਵੀ ਕੰਮ ਕੀਤਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਉਹ ਢੰਗ ਤਿਆਰ ਕੀਤੇ ਸਨ ਜੋ ਅੱਜ ਵੀ ਕਿੰਨੇ ਮਹੱਤਵਪੂਰਣ ਹਨ ਅਤੇ ਜਦੋਂ ਉਹ ਨਹੀਂ ਹਨ, ਤਦ ਸਾਨੂੰ ਬਹੁਤ ਘਾਟ ਮਹਿਸੂਸ ਹੁੰਦੀ ਹੈ।
ਇਸ ਤੋਂ ਅੱਗੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਭਗਤ ਸਿੰਘ ਦਾ ਜਜਬਾ ਸਾਡੇ ਦਿਲਾਂ ਵਿੱਚ ਹੋਣਾ ਚਾਹੀਦਾ ਹੈ। ਦੇਸ਼ ਦੀ ਆਜ਼ਾਦੀ ਵਿੱਚ ਭਗਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਸ਼ਹੀਦ ਵੀਰ ਭਗਤ ਸਿੰਘ ਨੂੰ ਮੱਥਾ ਟੇਕਦਾ ਹਾਂ । ਉਸ 23 ਸਾਲਾਂ ਦੇ ਨੌਜਵਾਨ ਤੋਂ ਬ੍ਰਿਟਿਸ਼ ਸਰਕਾਰ ਡਰ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਵੀਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਵਾਂਗੇ। ਮੈਂ, ਸਾਰੇ ਦੇਸ਼ਵਾਸੀਆਂ ਦੇ ਨਾਲ ਸਾਹਸ ਤੇ ਵੀਰਤਾ ਦੀ ਪ੍ਰਤੀਮੂਰਤੀ ਸ਼ਹੀਦ ਵੀਰ ਭਗਤ ਸਿੰਘ ਨੂੰ ਮੱਥਾ ਟੇਕਦਾ ਹਾਂ।”
ਪੀਐਮ ਮੋਦੀ ਨੇ ਆਪਣੇ ਪ੍ਰੋਗਰਾਮ ਵਿੱਚ ਕਿਸਾਨਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦਾ ਕਿੱਸਾ ਸੁਣਾਇਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਕਿਹਾ ਜਾਂਦਾ ਹੈ ਕਿ ਜੋ ਵੀ ਜ਼ਮੀਨ ਨਾਲ ਜੁੜਿਆ ਹੋਇਆ ਹੁੰਦਾ ਹੈ, ਉਹ ਸਭ ਤੋਂ ਵੱਡੇ ਤੂਫਾਨਾਂ ਵਿੱਚ ਵੀ ਸਥਿਰ ਰਹਿੰਦਾ ਹੈ । ਕੋਰੋਨਾ ਦੇ ਇਸ ਮੁਸ਼ਕਲ ਸਮੇਂ ਵਿੱਚ ਸਾਡਾ ਖੇਤੀਬਾੜੀ ਖੇਤਰ, ਸਾਡਾ ਕਿਸਾਨ ਇਸਦੀ ਜੀਵਿਤ ਉਦਾਹਰਣ ਹੈ। ਉਨ੍ਹਾਂ ਕਿਹਾ, “ਸੰਕਟ ਦੇ ਇਸ ਸਮੇਂ ਵਿੱਚ ਵੀ ਸਾਡੇ ਦੇਸ਼ ਦੇ ਖੇਤੀਬਾੜੀ ਸੈਕਟਰ ਨੇ ਫਿਰ ਆਪਣੀ ਤਾਕਤ ਵਿਖਾਈ ਹੈ। ਦੇਸ਼ ਦਾ ਖੇਤੀਬਾੜੀ ਸੈਕਟਰ, ਸਾਡੇ ਕਿਸਾਨ, ਸਾਡੇ ਪਿੰਡ ਸਵੈ-ਨਿਰਭਰ ਭਾਰਤ ਦੀ ਬੁਨਿਆਦ ਹਨ । ਜੇਕਰ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਤਾਂ ਸਵੈ-ਨਿਰਭਰ ਭਾਰਤ ਦੀ ਬੁਨਿਆਦ ਮਜ਼ਬੂਤ ਹੋਵੇਗੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਸਮੇਂ ਵਿੱਚ ਇਨ੍ਹਾਂ ਖੇਤਰਾਂ ਨੇ ਆਪਣੇ ਆਪ ਨੂੰ ਬਹੁਤ ਸਾਰੀਆਂ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਹੈ, ਕਈ ਮਿੱਥਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਹਰਿਆਣੇ ਦੇ ਇੱਕ ਕਿਸਾਨ ਭਰਾ ਨੇ ਮੈਨੂੰ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸਨੂੰ ਬਾਜ਼ਾਰ ਦੇ ਬਾਹਰ ਆਪਣੇ ਫਲ ਅਤੇ ਸਬਜ਼ੀਆਂ ਵੇਚਣ ਵਿੱਚ ਮੁਸ਼ਕਲ ਆਉਂਦੀ ਸੀ। ਪਰ 2014 ਵਿੱਚ ਫਲ ਅਤੇ ਸਬਜ਼ੀਆਂ ਨੂੰ APMC ਐਕਟ ਤੋਂ ਹਟਾ ਦਿੱਤਾ ਗਿਆ, ਇਸ ਨਾਲ ਉਨ੍ਹਾਂ ਨੂੰ ਅਤੇ ਆਸ ਪਾਸ ਦੇ ਕਿਸਾਨਾਂ ਨੂੰ ਫਾਇਦਾ ਹੋਇਆ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਸਿਰਫ 3-4 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ APMC ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ। ਇਸ ਤਬਦੀਲੀ ਨੇ ਮਹਾਰਾਸ਼ਟਰ ਵਿੱਚ ਫਲ ਅਤੇ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਦੀ ਸਥਿਤੀ ਨੂੰ ਬਦਲ ਦਿੱਤਾ ਹੈ। ਇਹ ਕਿਸਾਨ ਆਪਣੇ ਫਲ ਅਤੇ ਸਬਜ਼ੀਆਂ ਕਿਤੇ ਵੀ, ਕਿਸੇ ਨੂੰ ਵੀ ਵੇਚ ਸਕਦੇ ਹਨ ਅਤੇ ਇਹ ਸ਼ਕਤੀ ਉਨ੍ਹਾਂ ਦੀ ਤਰੱਕੀ ਦਾ ਅਧਾਰ ਹੈ।