Pm modi mann ki baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਦਸੰਬਰ ਨੂੰ ‘ਮਨ ਕੀ ਬਾਤ’ ਰਾਹੀਂ ਦੇਸ਼ ਦੇ ਲੋਕਾਂ ਦੇ ਰੂਬਰੂ ਹੋਣਗੇ। ਇਸ ਸਮਾਗਮ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਪੁੱਛਿਆ, ਤੁਹਾਡੇ ਖ਼ਿਆਲ ਵਿੱਚ ਅਗਲੇ ਸਾਲ ਕਿਵੇਂ ਰਹੇਗਾ? ਤੁਸੀਂ 2021 ਵਿੱਚ ਸਭ ਤੋਂ ਵੱਧ ਕੀ ਵੇਖਦੇ ਹੋ? ਤੁਸੀਂ ਆਪਣਾ ਜਵਾਬ MyGov, NaMo App ਜਾਂ 1800-11-7800 ਤੇ ਭੇਜ ਸਕਦੇ ਹੋ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਨਵੰਬਰ ਨੂੰ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਇਹ ਮਨ ਕੀ ਬਾਤ ਦਾ 71 ਵਾਂ ਸੰਸਕਰਣ ਸੀ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਅਤੇ ਨਵੇਂ ਖੇਤੀਬਾੜੀ ਕਾਨੂੰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸੀ। ਪੀਐਮ ਮੋਦੀ ਨੇ ਨਵੇਂ ਕਾਨੂੰਨ ਬਾਰੇ ਕਿਹਾ ਸੀ ਕਿ ਇਹ ਕਿਸਾਨਾਂ ਨੂੰ ਨਵੇਂ ਅਧਿਕਾਰ ਦੇ ਰਿਹਾ ਹੈ। ਇਹ ਖੇਤੀਬਾੜੀ ਨੂੰ ਨਵੇਂ ਪਹਿਲੂ ਦੇਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪਿੱਛਲੇ ਸਮੇਂ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਨੇ ਵੀ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ। ਸਾਲਾਂ ਤੋਂ ਕਿਸਾਨਾਂ ਦੀ ਜੋ ਮੰਗ ਸੀ, ਉਹ ਮੰਗਾਂ ਜਿਹਨਾਂ ਨੂੰ ਪੂਰਾ ਕਰਨ ਲਈ ਹਰ ਰਾਜਨੀਤਿਕ ਪਾਰਟੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ, ਉਹ ਮੰਗ ਪੂਰੀ ਕੀਤੀ ਗਈ ਹੈ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ ਕਿਸਾਨਾਂ ਦੇ ਬਹੁਤ ਸਾਰੇ ਬੰਧਨ ਖ਼ਤਮ ਹੋ ਗਏ ਹਨ, ਬਲਕਿ ਉਨ੍ਹਾਂ ਨੂੰ ਨਵੇਂ ਅਧਿਕਾਰ ਵੀ ਮਿਲੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਵੇਗਾ ਕਿ ਦੇਵੀ ਅੰਨਪੂਰਣਾ ਦੀ ਇੱਕ ਪ੍ਰਾਚੀਨ ਮੂਰਤੀ ਨੂੰ ਕੈਨੇਡਾ ਤੋਂ ਵਾਪਿਸ ਭਾਰਤ ਲਿਆਂਦੀ ਜਾ ਰਹੀ ਹੈ। ਲੱਗਭਗ 100 ਸਾਲ ਪਹਿਲਾਂ 1913 ਵਿੱਚ, ਇਸ ਮੂਰਤੀ ਨੂੰ ਵਾਰਾਣਸੀ ਦੇ ਇੱਕ ਮੰਦਰ ਤੋਂ ਚੋਰੀ ਕਰਕੇ ਦੇਸ਼ ਤੋਂ ਬਾਹਰ ਦੀ ਸਮੱਗਲਿੰਗ ਕੀਤੀ ਗਈ ਸੀ।
ਪਰ ਦੂਜੇ ਪਾਸੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 23ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਹਰ ਪ੍ਰਸਤਾਵ ਅਤੇ ਸਰਕਾਰ ਦੀ ਹਰ ਅਪੀਲ ਨੂੰ ਰੱਦ ਕਰ ਰਹੇ ਹਨ। ਪੰਜਾਬ-ਹਰਿਆਣਾ ਦੇ ਕਿਸਾਨ ਲਗਾਤਾਰ ਦਿੱਲੀ ਸਰਹੱਦ ‘ਤੇ ਪਹੁੰਚ ਰਹੇ ਹਨ।
ਇਹ ਵੀ ਦੇਖੋ : ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਆਏ ਨੋਜਵਾਨਾਂ ਦੀ ਦਹਾੜ