ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮਦਿਨ ਮੌਕੇ ਭਾਰਤ ਵਿੱਚ ਕੋਰੋਨਾ ਦਾ ਰਿਕਾਰਡ ਟੀਕਾਕਰਨ ਦਰਜ ਕੀਤਾ ਗਿਆ। ਇਸ ਨੂੰ ਲੈ ਕੇ ਤੰਜ ਕੱਸਣ ਵਾਲੇ ਕਾਂਗਰਸ ਨੇਤਾਵਾਂ ‘ਤੇ PM ਮੋਦੀ ਨੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਪੀਐੱਮ ਮੋਦੀ ਨੇ ਸ਼ਨੀਵਾਰ ਨੂੰ ਗੋਆ ਦੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਕ ਡਾਕਟਰ ਨਾਲ ਗੱਲ ਕਰਦਿਆਂ ਪੁੱਛਿਆ ਕਿ ਬੀਤੇ ਦਿਨ ਢਾਈ ਕਰੋੜ ਲੋਕਾਂ ਨੂੰ ਵੈਕਸੀਨ ਲੱਗੀ ਤਾਂ ਇੱਕ ਪਾਰਟੀ ਨੂੰ ਬੁਖਾਰ ਕਿਉਂ ਆਇਆ ਹੈ ?
ਇਸ ਤੋਂ ਅੱਗੇ ਪੀਐੱਮ ਨੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਜਦੋਂ ਟੀਕਾਕਰਨ ਹੁੰਦਾ ਹੈ ਤਾਂ ਉਸ ਵਿੱਚੋਂ ਕੁਝ ਲੋਕਾਂ ‘ਤੇ ਉਸਦਾ ਰੀਐਕਸ਼ਨ ਜ਼ਰੂਰ ਆਉਂਦਾ ਹੈ, ਕਈਆਂ ਨੂੰ ਬੁਖਾਰ ਹੁੰਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਬੁਖਾਰ ਲੰਬਾ ਚਲਾ ਜਾਵੇ ਤਾਂ ਮਾਨਸਿਕ ਸੰਤੂਲਨ ਵੀ ਚਲਾ ਜਾਂਦਾ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼, ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦੀ ਵੀ ਪ੍ਰਸ਼ੰਸਾ ਕਰਨਾ ਚਾਹੀਂਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੀਆਂ ਕੋਸ਼ਿਸ਼ਾਂ ਦੇ ਸਦਕੇ ਹੀ ਬੀਤੇ ਦਿਨ ਭਾਰਤ ਨੇ ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਦਾ ਰਿਕਾਰਡ ਬਣਾਇਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਜਨਮਦਿਨ ਤਾਂ ਬਹੁਤ ਆਏ ਤੇ ਬਹੁਤ ਗਏ, ਪਰ ਇਹ ਬਹੁਤ ਖਾਸ ਸੀ। ਪਰ ਮੇਰੀ ਇੰਨੀ ਉਮਰ ਵਿੱਚ ਕੱਲ੍ਹ ਦਾ ਦਿਨ ਬਹੁਤ ਭਾਵੁਕ ਕਰ ਦੇਣ ਵਾਲਾ ਸੀ।
ਇਹ ਵੀ ਪੜ੍ਹੋ: ਅਮਰੀਕਾ ਨੇ ਕਾਬੁਲ ਡਰੋਨ ਹਮਲੇ ਲਈ ਮੰਗੀ ਮੁਆਫ਼ੀ, ਕਿਹਾ- ਹਮਲੇ ‘ਚ ਮਾਰੇ ਗਏ ਬੇਗੁਨਾਹ ਲੋਕ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਡੀਕਲ ਫੀਲਡ ਦੇ ਲੋਕ ਜੋ ਲੋਕ ਪਿਛਲੇ ਦੋ ਸਾਲਾਂ ਤੋਂ ਜੁਟੇ ਹੋਏ ਹਨ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕੋਰੋਨਾ ਨਾਲ ਲੜਨ ਵਿੱਚ ਦੇਸ਼ਵਾਸੀਆਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਨੇ ਕੱਲ੍ਹ ਜਿਸ ਤਰ੍ਹਾਂ ਨਾਲ ਟੀਕਾਕਰਨ ਦਾ ਰਿਕਾਰਡ ਬਣਾ ਕੇ ਦਿਖਾਇਆ ਹੈ, ਉਹ ਬਹੁਤ ਵੱਡੀ ਗੱਲ ਹੈ।