PM Modi on petrol price: ਨਵੀਂ ਦਿੱਲੀ: ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਆਯਾਤ ਕਰਨ ਵਾਲੇ ਭਾਰਤ ਨੇ ਸਾਊਦੀ ਅਰਬ ਅਤੇ ਹੋਰ ਤੇਲ ਉਤਪਾਦਕ ਦੇਸ਼ਾਂ (OPEC) ਤੋਂ ਕੱਚੇ ਤੇਲ ਦੇ ਉਤਪਾਦਨ ਵਿੱਚ ਕਟੌਤੀ ਦਾ ਪੱਧਰ ਘਟਾਉਣ ਦੀ ਮੰਗ ਕੀਤੀ ਹੈ । ਭਾਰਤ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਆਰਥਿਕ ਸੁਧਾਰ ਅਤੇ ਮੰਗ ਨੂੰ ਨੁਕਸਾਨ ਹੋ ਰਿਹਾ ਹੈ । ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇ ਪਹਿਲਾਂ ਦੀਆਂ ਸਰਕਾਰਾਂ ਨੇ ਦੇਸ਼ ਦੀ ਆਯਾਤ ‘ਤੇ ਨਿਰਭਰਤਾ ਨੂੰ ਘਟਾਉਣ ਲਈ ਕੰਮ ਕੀਤਾ ਹੁੰਦਾ ਤਾਂ ਅੱਜ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਭਾਰ ਸਹਿਣ ਨਾ ਕਰਨਾ ਪੈਂਦਾ ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਲਈ ਤੇਲ ਦੀਆਂ ਕੀਮਤਾਂ ਦੀ ਬਜਾਏ ਮੰਗ ਵਧਣ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ । ਦਰਅਸਲ, ਸਾਊਦੀ ਅਰਬ ਨੇ ਫਰਵਰੀ ਅਤੇ ਮਾਰਚ 2021 ਦੌਰਾਨ ਤੇਲ ਉਤਪਾਦਨ ਵਿੱਚ ਪ੍ਰਤੀ ਦਿਨ 10 ਲੱਖ ਬੈਰਲ ਦੀ ਕਟੌਤੀ ਦਾ ਐਲਾਨ ਕੀਤਾ। ਇਸ ਦੇ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਊਦੀ ਅਰਬ ਨੇ ਇਹ ਕਦਮ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਅਤੇ ਰੂਸ ਸਮੇਤ ਸਹਿਯੋਗੀ ਦੇਸ਼ਾਂ ਨਾਲ ਹੋਏ ਸਮਝੌਤੇ ਤਹਿਤ ਚੁੱਕਿਆ ਸੀ। ਇਸ ਨਾਲ ਤੇਲ ਦੀ ਕੀਮਤ 63 ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ, ਜੋ ਇੱਕ ਸਾਲ ਵਿੱਚ ਸਭ ਤੋਂ ਉੱਚਾ ਪੱਧਰ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੋ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਵਿੱਤੀ ਸਾਲ 2019-20 ਵਿੱਚ ਦੇਸ਼ ਦਾ 85 ਪ੍ਰਤੀਸ਼ਤ ਤੇਲ ਆਯਾਤ ਕੀਤਾ ਗਿਆ ਸੀ। ਉੱਥੇ ਹੀ ਸਿਰਫ 53 ਪ੍ਰਤੀਸ਼ਤ ਗੈਸ ਦਾ ਆਯਾਤ ਕੀਤਾ ਗਿਆ। ਜੇ ਇਸ ਆਯਾਤ ਨੂੰ ਘਟਾਉਣ ਲਈ ਪਹਿਲਾਂ ਕੋਸ਼ਿਸ਼ ਕੀਤੀ ਗਈ ਹੁੰਦੀ, ਤਾਂ ਆਮ ਆਦਮੀ ‘ਤੇ ਅੱਜ ਬੋਝ ਨਹੀਂ ਪੈਂਦਾ। ਨਾਲ ਹੀ ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਮੱਧ ਵਰਗ ਪ੍ਰਤੀ ਸੰਵੇਦਨਸ਼ੀਲ ਹੈ । ਇਸ ਲਈ ਪੈਟਰੋਲ ਵਿੱਚ ਈਥੇਨੌਲ ਦਾ ਹਿੱਸਾ ਵਧਾਉਣ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਈਥੇਨੌਲ ਗੰਨੇ ਤੋਂ ਹਾਸਿਲ ਕੀਤਾ ਜਾਂਦਾ ਹੈ। ਇਸ ਨਾਲ ਤੇਲ ਦੇ ਆਯਾਤ ਵਿੱਚ ਕਮੀ ਆਵੇਗੀ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਨਰਜੀ ਇੰਪੋਰਟ ਡਿਪੈਂਡੈਂਸ ਘਟਾਉਣ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਨਵਿਆਉਣਯੋਗ ਊਰਜਾ ‘ਤੇ ਵੀ ਕੰਮ ਚੱਲ ਰਿਹਾ ਹੈ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ