PM Modi personal website data: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਤੋਂ ਡਾਟਾ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਅਤੇ ਟਵਿੱਟਰ ਅਕਾਉਂਟ ਹੈਕ ਹੋ ਗਿਆ ਸੀ। ਇਸ ਵਾਰ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਤੋਂ ਕਰੀਬ 5 ਲੱਖ ਲੋਕਾਂ ਦੇ ਅੰਕੜੇ ਚੋਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਡਾਰਕ ਵੈੱਬ ‘ਤੇ ਵਿਕਰੀ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ । ਹੈਕਰਸ ਵੱਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5,70,000 ਲੋਕਾਂ ਦੀ ਮਹੱਤਵਪੂਰਣ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ ਵਿੱਚ ਕਈ ਕਿਸਮਾਂ ਦੀਆਂ ਜਾਣਕਾਰੀ ਸ਼ਾਮਿਲ ਹਨ ਜਿਵੇਂ ਕਿ ਲੋਕਾਂ ਦੇ ਨਾਮ, ਮੋਬਾਈਲ ਨੰਬਰ, ਵੈਬਸਾਈਟਸ।
ਦਰਅਸਲ, ਸਾਈਬਰ ਸਿਕਿਓਰਿਟੀ ਫਰਮ Cyble ਦੀ ਰਿਪੋਰਟ ਅਨੁਸਾਰ ਚੋਰੀ ਕੀਤੇ ਗਏ ਅੰਕੜੇ ਅਪਰਾਧਿਕ ਘਟਨਾਵਾਂ ਦਾ ਕਾਰਨ ਬਣ ਸਕਦੇ ਹਨ। ਰਿਪੋਰਟ ਅਨੁਸਾਰ ਇਸ ਡਾਟਾ ਦੀ ਵਰਤੋਂ ਫਿਸ਼ਿੰਗ ਈਮੇਲਾਂ, ਸਪੈਮ ਟੈਕਸਟ ਸੁਨੇਹੇ ਭੇਜਣ ਲਈ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ 5.70 ਲੱਖ ਲੋਕਾਂ ਵਿਚੋਂ, ਜਿਨ੍ਹਾਂ ਦਾ ਡਾਟਾ ਲੀਕ ਹੋਇਆ ਹੈ, ਉਨ੍ਹਾਂ ਵਿੱਚ 2.92 ਲੱਖ ਤੋਂ ਜ਼ਿਆਦਾ ਦਾਨੀ ਮੌਜੂਦ ਹਨ, ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਲਈ ਦਾਨ ਕੀਤਾ ਹੈ।
ਸਾਈਬਰ ਸਿਕਿਓਰਿਟੀ ਫਰਮ Cyble ਦੀ ਰਿਪੋਰਟ ਅਨੁਸਾਰ ਦਾਨ ਕਰਨ ਵਾਲੇ ਉਪਭੋਗਤਾਵਾਂ ਨੇ ਕਿਸ ਮੋਡ ਨਾਲ, ਕਿਸ ਬੈਂਕ ਤੋਂ ਭੁਗਤਾਨ ਕੀਤਾ, ਇਸ ਦਾ ਸਾਰਾ ਵੇਰਵਾ ਮੌਜੂਦ ਹੈ, ਜੋ ਸੁਰੱਖਿਆ ਦੇ ਮਾਮਲੇ ਵਿੱਚ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਡਾਟਾ ਲੀਕ ਹੋਣ ਦੀ ਘਟਨਾ ਦੀ ਜਾਂਚ ਕਰਨ ਲਈ ਉਪਭੋਗਤਾਵਾਂ ਨੂੰ Cyble ਦੇ ਇੰਸਟਾਗ੍ਰਾਮ ਪੇਜ ‘ਤੇ ਜਾਣਾ ਪਵੇਗਾ, ਜਿੱਥੇ ਡਾਟਾ ਲੀਕ ਕਰਨ ਵਾਲੇ ਲੋਕਾਂ ਦੇ ਵੇਰਵੇ ਮੌਜੂਦ ਹਨ। ਨਾਲ ਹੀ, Cyble ਵੈਬਸਾਈਟ ਦਾ ਲਿੰਕ ਦਿੱਤਾ ਗਿਆ ਹੈ, ਜਿਸ ‘ਤੇ ਕਲਿੱਕ ਕਰਕੇ ਡਾਟਾ ਲੀਕ ਹੋਣ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।