PM Modi to address ASSOCHAM: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਉਦਯੋਗ ਮੰਡਲ ਐਸੋਚੈਮ (ਐਸੋਸੀਏਟਡ ਚੈਂਬਰਸ ਆਫ ਕਾਮਰਸ ਆਫ ਇੰਡੀਆ) ਫਾਊਂਡੇਸ਼ਨ ਵੀਕ ਵਿੱਚ ਭਾਸ਼ਣ ਦੇਣਗੇ । ਵੀਰਵਾਰ ਨੂੰ ਇਸ ਸਬੰਧੀ PMO ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਇਸ ਮੌਕੇ ਪ੍ਰਧਾਨ ਮੰਤਰੀ ਰਤਨ ਟਾਟਾ ਨੂੰ ‘ਐਸੋਚੈਮ ਐਂਟਰਪ੍ਰਾਈਜ਼ ਆਫ ਦੀ ਸੈਂਚੁਰ ਅਵਾਰਡ’ ਨਾਲ ਸਨਮਾਨਿਤ ਕਰਨਗੇ ।
ਪ੍ਰਧਾਨ ਮੰਤਰੀ ਮੋਦੀ ਐਸੋਚੈਮ ਵਿੱਚ ਆਪਣੇ ਸੰਬੋਧਨ ਦੌਰਾਨ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਉਦਯੋਗ ਬਾਰੇ ਬਹੁਤ ਗੱਲਬਾਤ ਕਰ ਸਕਦੇ ਹਨ । ਪਿਛਲੇ ਸਾਲ ਐਸੋਚੈਮ ਦੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ GST ਅਤੇ ਪੰਜ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਜ਼ਿਕਰ ਕੀਤਾ ਸੀ। ਐਸੋਚੈਮ ਦੇ ਇਸ ਪਲੇਟਫਾਰਮ ਤੋਂ ਪ੍ਰਧਾਨ ਮੰਤਰੀ ਮੋਦੀ ਬੈਂਕਿੰਗ ਅਤੇ ਕਾਰਪੋਰੇਟ ਜਗਤ ਨਾਲ ਜੁੜੇ ਲੋਕਾਂ ਲਈ ਵੱਡੇ ਐਲਾਨ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਐਸੋਚੈਮ ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ। ਇਸ ਸੰਗਠਨ ਵਿੱਚ 400 ਤੋਂ ਵੱਧ ਚੈਂਬਰ ਅਤੇ ਟ੍ਰੇਡ ਯੂਨੀਅਨਾਂ ਹਨ। ਐਸੋਚੈਮ ਇੱਕ ਅਜਿਹੀ ਵਪਾਰਕ ਸੰਸਥਾ ਹੈ ਜੋ ਮੁੱਖ ਤੌਰ ‘ਤੇ ਭਾਰਤ ਦੇ ਚੋਟੀ ਦੇ ਵਪਾਰਕ ਸੰਗਠਨਾਂ ਵਿਚੋਂ ਇੱਕ ਮੰਨੀ ਜਾਂਦੀ ਹੈ। ਇਹ ਮੁੱਖ ਤੌਰ ‘ਤੇ ਦੋਵਾਂ ਘਰੇਲੂ ਅਤੇ ਅੰਤਰ ਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ।
ਦੱਸ ਦੇਈਏ ਕਿ ਐਸੋਚੈਮ ਦਾ ਪੂਰਾ ਨਾਮ “ਐਸੋਸੀਏਟਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ” ਹੈ। ਇਸਨੂੰ “ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ” ਵੀ ਕਿਹਾ ਜਾਂਦਾ ਹੈ। ਐਸੋਚੈਮ ਦਾ ਮੁੱਖ ਕੰਮ ਭਾਰਤ ਦੇ ਉਦਯੋਗ ਅਤੇ ਬੈਂਕਿੰਗ ਖੇਤਰ ਦੀ ਰੱਖਿਆ ਕਰਨਾ ਹੈ। ਇਸ ਸਮੇਂ ਐਸੋਚੈਮ ਦੇ ਪ੍ਰਧਾਨ ਬਾਲਕ੍ਰਿਸ਼ਨ ਗੋਯੰਕਾ ਹਨ।