ਪ੍ਰਧਾਨ ਮੰਤਰੀ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਪੰਜ ਦੇਸ਼ਾਂ ਦੇ ਸਮੂਹ BRICS ਦੇ ਸਲਾਨਾ ਸਿਖਰ ਸੰਮੇਲਨ ਦੋ ਪ੍ਰਧਾਨਗੀ ਕਰਨਗੇ। ਡਿਜੀਟਲ ਢੰਗ ਨਾਲ ਆਯੋਜਿਤ ਹੋਣ ਵਾਲੀ ਇਸ ਬੈਠਕ ਵਿੱਚ ਅਫ਼ਗ਼ਾਨਿਸਤਾਨ ਦੇ ਤਾਜ਼ਾ ਹਾਲਾਤਾਂ ‘ਤੇ ਚਰਚਾ ਹੋ ਸਕਦੀ ਹੈ।
ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਪੀਐੱਮ ਮੋਦੀ BRICS ਦੇ 13ਵੇਂ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਗੇ।
ਵਿਦੇਸ਼ ਮੰਤਰਾਲੇ ਅਨੁਸਾਰ ਇਸ ਬੈਠਕ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਵੀ ਸ਼ਾਮਿਲ ਹੋਣਗੇ।
ਦਰਅਸਲ, ਇਸ ਬੈਠਕ ਲਈ ਭਾਰਤ ਵੱਲੋਂ ਪਹਿਲ ਵਾਲੇ ਚਾਰ ਖੇਤਰਾਂ ਦੀ ਰੂਪ ਰੇਖਾ ਤਿਆਰ ਕੀਤੀ ਹੈ। ਇਨ੍ਹਾਂ ਵਿੱਚ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ, ਅੱਤਵਾਦ ਦਾ ਮੁਕਾਬਲਾ, ਐੱਸਡੀਜੀ ਹਾਸਿਲ ਕਰਨ ਲਈ ਡਿਜੀਟਲ ਤੇ ਤਕਨੀਕੀ ਔਜਾਰਾਂ ਦੀ ਵਰਤੋਂ ਤੇ ਲੋਕਾਂ ਨੂੰ ਲੋਕਾਂ ਵਿਚਾਲੇ ਸੰਪਰਕ ਨੂੰ ਵਧਾਵਾ ਦੇਣਾ ਸ਼ਾਮਿਲ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ ਖੁਦ ਬਣਾ ਕੇ ਪਰੋਸੇ ਓਲੰਪਿਕ ਖਿਡਾਰੀਆਂ ਨੂੰ ਲਜੀਜ਼ ਪਕਵਾਨ
ਉੱਥੇ ਹੀ ਦੂਜੇ ਪਾਸੇ ਵਿਦੇਸ਼ ਮੰਤਰਾਲੇ ਅਨੁਸਾਰ ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਇਸ ਬੈਠਕ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੇ ਹੋਰ ਮੌਜੂਦਾ ਵਿਸ਼ਵ ਵਿਆਪੀ ਮੁੱਦਿਆਂ ‘ਤੇ ਵੀ ਚਰਚਾ ਹੋ ਸਕਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ ਮਾਰਕੋਸ ਆਦਿ ਵੱਖ-ਵੱਖ ਮੁੱਦਿਆਂ ‘ਤੇ ਰਿਪੋਰਟ ਪੇਸ਼ ਕਰਨਗੇ।