PM Modi to hold virtual meet: ਦੇਸ਼ ਭਰ ਵਿੱਚ ਕੋਰੋਨਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ । ਕੋਰੋਨਾ ਦੀ ਲਾਗ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਇਸ ਵਿੱਚ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਮੰਗਲਵਾਰ ਨੂੰ ਦੋ ਬੈਠਕਾਂ ਕਰਨਗੇ। ਵੈਕਸੀਨ ਨੂੰ ਲੈ ਕੇ ਹੋਣ ਵਾਲੀ ਬੈਠਕ ਵਿੱਚ ਪ੍ਰਧਾਨ ਮੰਤਰੀ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ।
ਇਨ੍ਹਾਂ ਰਾਜਾਂ ਵਿੱਚ ਕੇਰਲਾ, ਪੱਛਮੀ ਬੰਗਾਲ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ ਸ਼ਾਮਿਲ ਹਨ। ਇਹ ਬੈਠਕ ਸਵੇਰੇ 10.30 ਵਜੇ ਤੋਂ 12 ਵਜੇ ਦੇ ਵਿਚਕਾਰ ਹੋਵੇਗੀ । ਉੱਥੇ ਹੀ ਦੂਜੀ ਬੈਠਕ ਵਿੱਚ ਪੀਐਮ ਮੋਦੀ ਮੁੱਖ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਕੋਵਿਡ-19 ਵੈਕਸੀਨ ਦੀ ਵੰਡ ਬਾਰੇ ਵਿਚਾਰ ਵਟਾਂਦਰੇ ਕਰਨਗੇ ।
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਅਹਿਮਦਾਬਾਦ ਵਿੱਚ ਰਾਤ ਦੇ ਕਰਫਿਊ ਨੂੰ 7 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਕਰਫਿਊ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ । ਇਸ ਦੌਰਾਨ ਵਿਆਹ ਜਾਂ ਕਿਸੇ ਧਾਰਮਿਕ ਮਾਮਲੇ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਵਿਆਹ ਵਰਗੇ ਪ੍ਰੋਗਰਾਮ ਦਿਨ ਵਿੱਚ ਹੀ ਖਤਮ ਕਰਨੇ ਹੋਣਗੇ। ਗੁਜਰਾਤ ਸਰਕਾਰ ਨੇ ਵਿਆਹ, ਰਿਸੈਪਸ਼ਨ ਅਤੇ ਹੋਰ ਪ੍ਰੋਗਰਾਮਾਂ ਵਿੱਚ 100 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਹੈ । ਉੱਥੇ ਹੀ ਅੰਤਿਮ ਸਸਕਾਰ ਵਿੱਚ 50 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕਰ ਕਿਹਾ ਕਿ ਰਾਜ ਦੇ ਸਾਰੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਕੋਵਿਡ-19 ਦੇ ਟੀਕਾਕਰਨ ਦੀ ਸਫਲਤਾ ਲਈ ਰਾਜ ਸਰਕਾਰ 15 ਦਸੰਬਰ, 2020 ਤੱਕ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ “ਕੋਲਡ ਚੇਨ” ਦੀ ਇੱਕ ਮਜ਼ਬੂਤ ਪ੍ਰਣਾਲੀ ਨੂੰ ਯਕੀਨੀ ਬਣਾਏਗੀ, ਤਾਂ ਜੋ ਟੀਕੇ ਦੀ ਗੁਣਵੱਤਾ ਵਿੱਚ ਕੋਈ ਕਮੀ ਨਾ ਆਵੇ । ਨਾਲ ਹੀ ਯੋਗੀ ਸਰਕਾਰ ਨੇ ਵਿਆਹਾਂ ਦੇ ਸਬੰਧ ਵਿੱਚ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਕੋਰੋਨਾ ਦੇ ਇਸ ਯੁੱਗ ਵਿੱਚ 100 ਤੋਂ ਜ਼ਿਆਦਾ ਲੋਕ ਵਿਆਹ ਵਿੱਚ ਸ਼ਾਮਿਲਨਹੀਂ ਹੋ ਸਕਣਗੇ।
ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 44,059 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 91 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 85,62,641 ਲੋਕ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਲਗਾਤਾਰ 13ਵੇਂ ਦਿਨ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਸਾਢੇ ਪੰਜ ਲੱਖ ਤੋਂ ਘੱਟ ਸੀ। ਫਿਲਹਾਲ ਭਾਰਤ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 4,43,486 ਹੈ, ਜੋ ਕਿ ਸੰਕਰਮਿਤ ਮਰੀਜ਼ਾਂ ਦਾ 4.85 ਪ੍ਰਤੀਸ਼ਤ ਹੈ ।
ਇਹ ਵੀ ਦੇਖੋ: ‘ਗਜ-ਵਜ ਕੇ ਚੱਲਾਂਗੇ ਦਿੱਲੀ, ਦੇਖਦੇ ਹਾਂ ਕਿਹੜਾ ਰੋਕਦਾ ਸਾਨੂੰ’