PM Modi virtually address ECOSOC: ਨਵੀਂ ਦਿੱਲੀ: ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਸੰਯੁਕਤ ਰਾਸ਼ਟਰ (UN) ਨੂੰ ਸੰਬੋਧਿਤ ਕਰਨਗੇ । ਇਹ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੇ 75 ਸਾਲ ਪੂਰੇ ਹੋਣ ‘ਤੇ ਕਰਵਾਇਆ ਜਾ ਰਿਹਾ ਹੈ। ਭਾਰਤ ਦੀ ਸੁਰੱਖਿਆ ਪਰਿਸ਼ਦ ਵਿੱਚ ਜਿੱਤ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਪੀਐਮ ਮੋਦੀ ਦਾ ਇਹ ਪਹਿਲਾ ਭਾਸ਼ਣ ਹੋਵੇਗਾ ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਮ ਤਿਰਮੂਰਤੀ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ 17 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ECOSOC ਦੇ ਉੱਚ ਪੱਧਰੀ ਭਾਗ ਦੀ ਪ੍ਰਮਾਣਿਕਤਾ ਵਿੱਚ ਇੱਕ ਪ੍ਰਮੁੱਖ ਭਾਸ਼ਣ ਦੇਣਗੇ । ਭਾਰਤ ਨੂੰ ਸੁਰੱਖਿਆ ਪਰਿਸ਼ਦ ਵਿੱਚ ਦੋ ਸਾਲਾਂ ਲਈ ਆਰਜ਼ੀ ਮੈਂਬਰਸ਼ਿਪ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਦੱਸਤਾ ਲਈ ਵਿਸ਼ਵਵਿਆਪੀ ਭਾਈਚਾਰੇ ਵੱਲੋਂ ਦਿੱਤੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ ਸੀ । ਉਨ੍ਹਾਂ ਕਿਹਾ ਸੀ ਕਿ ਭਾਰਤ ਵਿਸ਼ਵਵਿਆਪੀ ਸ਼ਾਂਤੀ, ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਮੈਂਬਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰੇਗਾ। ਪੀਐਮ ਮੋਦੀ ਨੇ ਪਿਛਲੇ ਸਾਲ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕੀਤਾ ਸੀ । ਉਸ ਸਮੇਂ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਅੱਤਵਾਦ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਸੀ ।
ਦੱਸ ਦੇਈਏ ਕਿ 17 ਜੂਨ ਨੂੰ ਭਾਰਤ ਨੂੰ ਸਰਬਸੰਮਤੀ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦਾ ਅਸਥਾਈ ਮੈਂਬਰ ਚੁਣਿਆ ਗਿਆ ਸੀ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਂਸਭਾ ਨੇ ਇਸ ਦੇ ਰਾਸ਼ਟਰਪਤੀ, ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਅਤੇ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਮੈਂਬਰਾਂ ਲਈ ਇਸ ਦੇ 75ਵੇਂ ਸੈਸ਼ਨ ਲਈ ਚੋਣਾਂ ਕਰਵਾਈਆਂ ਸਨ । ਇਸ ਵਿੱਚ ਭਾਰਤ ਨੂੰ 192 ਵਿਚੋਂ 184 ਵੋਟਾਂ ਮਿਲੀਆਂ ਸਨ ।
ਦਰਅਸਲ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ 5 ਸਥਾਈ ਅਤੇ 10 ਗੈਰ-ਸਥਾਈ ਮੈਂਬਰ ਸ਼ਾਮਿਲ ਹੁੰਦੇ ਹਨ। ਸਥਾਈ ਮੈਂਬਰਾਂ ਵਿੱਚ ਚੀਨ, ਫਰਾਂਸ, ਰੂਸ, ਯੂਕੇ ਅਤੇ ਯੂਐਸ ਸ਼ਾਮਿਲ ਹਨ। ਹਰ ਸਾਲ UNSC ਦੀ ਜਨਰਲ ਅਸੈਂਬਲੀ ਦੋ ਗੈਰ-ਸਥਾਈ ਮੈਂਬਰਾਂ ਨੂੰ ਦੋ ਸਾਲਾਂ ਦੀ ਮਿਆਦ ਲਈ ਚੁਣਦੀ ਹੈ। ਇਸ ਦੇ ਤਹਿਤ ਭਾਰਤ 2021-22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੀ ਸਿਖਰ ਸੰਗਠਨ ਦਾ ਅਸਥਾਈ ਮੈਂਬਰ ਬਣ ਗਿਆ ਹੈ।