PM Modi webinar on effective implementation: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀ ਖੇਤਰ ਵਿੱਚ ਬਜਟ ਨੂੰ ਅਮਲੀ ਰੂਪ ਦੇਣ ਲਈ ਇੱਕ ਵੈੱਬੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲਗਾਤਾਰ ਵਧਦੇ ਖੇਤੀ ਉਤਪਾਦਨ ਵਿਚਾਲੇ 21ਵੀਂ ਸਦੀ ਵਿੱਚ ਭਾਰਤ ਨੂੰ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੇ ਇਨਕਲਾਬ ਜਾਂ ਫ਼ੂਡ ਪ੍ਰੋਸੈਸਿੰਗ ਇਨਕਲਾਬ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਬਹੁਤ ਵਧੀਆ ਹੁੰਦਾ, ਜੇ ਇਹ ਕੰਮ ਦੋ-ਤਿੰਨ ਦਹਾਕੇ ਪਹਿਲਾਂ ਕਰ ਲਿਆ ਗਿਆ ਹੁੰਦਾ।
PM ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਾਨੂੰ ਖੇਤੀਬਾੜੀ ਨਾਲ ਜੁੜੇ ਹਰੇਕ ਖੇਤਰ ਵਿੱਚ ਹਰੇਕ ਅਨਾਜ, ਫਲ, ਸਬਜ਼ੀਆਂ, ਮੱਛੀ ਪਾਲਣ ਸਭ ਵਿੱਚ ਪ੍ਰੋਸੈਸਿੰਗ ‘ਤੇ ਖ਼ਾਸ ਧਿਆਨ ਦੇਣਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਆਪਣੇ ਪਿੰਡਾਂ ਦੇ ਕੋਲ ਹੀ ਸਟੋਰੇਜ ਦੀ ਆਧੁਨਿਕ ਸਹੂਲਤ ਮਿਲੇ । ਖੇਤਾਂ ਤੋਂ ਪ੍ਰੋਸੈਸਿੰਗ ਯੂਨਿਟ ਤੱਕ ਪਹੁੰਚਣ ਦੀ ਵਿਵਸਥਾ ਸੁਧਾਰਨੀ ਹੀ ਪਵੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਸਾਨੂੰ ਦੇਸ਼ ਦੇ ਖੇਤੀ ਖੇਤਰ ਦਾ, ਪ੍ਰੋਸੈੱਸਡ ਫ਼ੂਡ ਦੇ ਵਿਸ਼ਵ ਬਾਜ਼ਾਰ ਵਿੱਚ ਵਿਸਥਾਰ ਕਰਨਾ ਹੀ ਹੋਵੇਗਾ। ਸਾਨੂੰ ਪਿੰਡ ਦੇ ਕੋਲ ਹੀ ਖੇਤੀ ਉਦਯੋਗ ਕਲੱਸਟਰ ਦੀ ਗਿਣਤੀ ਵੀ ਵਧਾਉਣੀ ਹੋਵੇਗੀ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪਿੰਡ ਵਿੱਚ ਹੀ ਖੇਤੀ ਨਾਲ ਜੁੜਿਆ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਲੈ ਕੇ ਸਭ ਤੋਂ ਵੱਧ ਯੋਗਦਾਨ ਜਨਤਕ ਖੇਤਰ ਦਾ ਹੈ । ਹੁਣ ਸਮਾਂ ਆ ਗਿਆ ਹੈ ਕਿ ਇਸ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਈ ਜਾਵੇ। ਸਾਨੂੰ ਹੁਣ ਕਿਸਾਨਾਂ ਨੂੰ ਅਜਿਹੇ ਵਿਕਲਪ ਦੇਣੇ ਪੈਣਗੇ ਜਿਸ ਵਿੱਚ ਉਹ ਕਣਕ ਅਤੇ ਝੋਨੇ ਦੀ ਬਿਜਾਈ ਤੱਕ ਸੀਮਤ ਨਾ ਰਹਿਣ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਜ਼ੇ, ਬੀਜ ਅਤੇ ਮੰਡੀਆਂ, ਕਿਸਾਨਾਂ ਨੂੰ ਖਾਦ ਦੇਣਾ ਕਿਸਾਨ ਦੀਆਂ ਮੁੱਢਲੀਆਂ ਜਰੂਰਤਾਂ ਹਨ, ਜੋ ਉਨ੍ਹਾਂ ਨੂੰ ਸਮੇਂ ‘ਤੇ ਮਿਲਣੀਆਂ ਚਾਹੀਦੀਆਂ ਹਨ । ਪਿਛਲੇ ਸਾਲਾਂ ਵਿੱਚ ਕਿਸਾਨ ਕ੍ਰੈਡਿਟ ਕਾਰਡ ਛੋਟੇ ਤੋਂ ਛੋਟੇ ਕਿਸਾਨਾਂ ਤੱਕ, ਪਸ਼ੂ ਪਾਲਕਾਂ ਤੋਂ ਲੈ ਕੇ ਮਛੇਰਿਆਂ ਤੱਕ ਦਾ ਇਸਦਾ ਦਾਇਰਾ ਵਧਾਇਆ ਹੈ।