PMO did not answer: ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਦੇ ਅਧਿਕਾਰ (RTI) ਦੇ ਤਹਿਤ ਪੁੱਛੇ ਗਏ ਹਰ ਸਵਾਲ ਦਾ ਰਿਕਾਰਡ ਰੱਖਦਾ ਹੈ, ਪਰ ਪੀ.ਐੱਮ. ਕੇਅਰਸ ਫੰਡ ਨਾਲ ਜੁੜੀਆਂ ਪਟੀਸ਼ਨਾਂ ਦਾ ਰਿਕਾਰਡ ਨਹੀਂ ਰੱਖਦਾ । ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਦਫ਼ਤਰ ਨੇ ਦਰਜ RTI ਦੇ ਜਵਾਬ ਵਿੱਚ ਦਿੱਤੀ ਹੈ। ਇਸ ਵਿੱਚ ਪੁੱਛਿਆ ਗਿਆ ਸੀ ਕਿ 1 ਮਾਰਚ 2020 ਤੋਂ ਹੁਣ ਤੱਕ ਕਿੰਨੀਆਂ RTI ਅਰਜ਼ੀਆਂ/ਪ੍ਰਸ਼ਨ PMO ਨੂੰ ਪ੍ਰਾਪਤ ਹੋਏ ਹਨ? ਪ੍ਰਾਪਤ ਅਰਜ਼ੀਆਂ ਦੀ ਜਾਣਕਾਰੀ ਪ੍ਰਦਾਨ ਕਰੋ।
ਇਸ ਸਵਾਲ ਦਾ ਜਵਾਬ ਦਿੰਦਿਆਂ PMO ਨੇ ਕਿਹਾ ਕਿ ਉਨ੍ਹਾਂ ਨੂੰ 1 ਮਾਰਚ ਤੋਂ 30 ਜੂਨ ਤੱਕ 3852 RTI ਦੀਆਂ ਅਰਜ਼ੀਆਂ ਮਿਲੀਆਂ ਹਨ। ਭਾਵ ਕਿ 4 ਮਹੀਨੇ ਵਿੱਚ PMO ਨੂੰ 3852 ਅਰਜ਼ੀਆਂ ਮਿਲੀਆਂ । ਔਸਤਨ ਹਰ ਰੋਜ਼ 32 ਅਰਜ਼ੀਆਂ PMO ਨੂੰ ਪ੍ਰਾਪਤ ਹੋਈਆਂ । ਇਸ ਤੋਂ ਇਲਾਵਾ ਅਰਜ਼ੀਆਂ ਵਿੱਚ PMO ਨੂੰ ਪੀ.ਐੱਮ. ਕੇਅਰ ਫੰਡ ‘ਤੇ ਪ੍ਰਾਪਤ RTI ਪਟੀਸ਼ਨਾਂ ਦੀ ਗਿਣਤੀ ਬਾਰੇ ਵੀ ਪੁੱਛਿਆ ਗਿਆ । ਜਿਸ ‘ਤੇ PMO ਨੇ ਜਵਾਬ ਦਿੰਦਿਆਂ ਕਿਹਾ ਕਿ ਇਸ ਫਾਰਮੇਟ ਦੀ ਜਾਣਕਾਰੀ ਦਫ਼ਤਰ ਵਿੱਚ ਨਹੀਂ ਰੱਖੀ ਜਾਂਦੀ।
ਜਿਸਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਦਰਜ ਕੀਤੀਆਂ ਗਈਆਂ ਸਾਰੀਆਂ RTI ਦਾ ਡਾਟਾ ਰੱਖਦਾ ਹੈ, ਪਰ ਪੀ.ਐੱਮ. ਕੇਅਰਸ ਫੰਡ ਨਾਲ ਜੁੜੇ ਰਿਕਾਰਡ ਉਹ ਨਹੀਂ ਰੱਖਦਾ। ਸਾਰੇ RTI ਇੱਕ ਵਿਸ਼ੇਸ਼ ਫਾਰਮੈਟ ਵਿੱਚ ਚੁੱਕੇ ਜਾਂਦੇ ਹਨ ਅਤੇ ਵਿਸ਼ੇਸ਼ ਪ੍ਰਸ਼ਨ ਪੁੱਛੇ ਜਾਂਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ PMO ਨੇ ਪੀਐਮ ਕੇਅਰਜ਼ ਵਿੱਚ ਜਮ੍ਹਾ ਕੀਤੀ ਰਕਮ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। RTI ਦੇ ਤਹਿਤ ਇੱਕ RTI ਕਾਰਕੁਨ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਜਮ੍ਹਾ ਕੀਤੀ ਰਕਮ ਬਾਰੇ ਜਾਣਕਾਰੀ ਮੰਗੀ ਤਾਂ PMO ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। PMO ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਧਾਨ ਮੰਤਰੀ ਕੇਅਰਜ਼ ਫੰਡ ਜਨਤਕ ਅਧਿਕਾਰ ਨਹੀਂ ਹੈ, ਇਸ ਲਈ ਇਹ ਜਾਣਕਾਰੀ ਮੁਹੱਈਆ ਨਹੀਂ ਕੀਤੀ ਜਾ ਸਕਦੀ।