Political parties extend their support: ਦੇਸ਼ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਕਿਸਾਨ ਲਗਾਤਾਰ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ, ਕਿਸਾਨ ਪਿਛਲੇ ਕੁਝ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਦੀ ਮੰਗ ਕਾਰਨ ਦਿੱਲੀ ਬਾਰਡਰ ‘ਤੇ ਡੇਰਾ ਲਗਾ ਕੇ ਬੈਠੇ ਹੋਏ ਹਨ ਅਤੇ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । ਇਸ ਦੌਰਾਨ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ । ਜਿਸਦਾ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ।
ਦਰਅਸਲ, ਐਤਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ । ਜਿਸ ਵਿੱਚ ਕਿਸਾਨ ਜੱਥੇਬੰਦੀਆਂ ਨੇ ਸਰਕਾਰ ਨੂੰ ਕੜਾ ਸੰਦੇਸ਼ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਅਤੇ 9 ਦਸੰਬਰ ਨੂੰ 6ਵੇਂ ਦੌਰ ਦੀ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ । ਇਨ੍ਹਾਂ ਜਥੇਬੰਦੀਆਂ ਨੇ ਹੋਰ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ ਹੈ ਤੇ 9 ਦਸੰਬਰ ਨੂੰ 6ਵੇਂ ਦੌਰ ਦੀ ਬੈਠਕ ਲਈ ਸਰਕਾਰ ਨਾਲ ਜਦੋਂ ਟੇਬਲ ‘ਤੇ ਹੋਣਗੇ ਤਾਂ ਕੀ ਹੋਵੇਗਾ, ਇਸਦਾ ਐਲਾਨ ਵੀ ਕੀਤਾ ਹੈ।
ਇਸ ਮਾਮਲੇ ਵਿੱਚ ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨਾਲ ਸਮਝੌਤਾ ਨਹੀਂ ਕਰਨ ਸਕਦੇ । ਕਿਸਾਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਸੁਣਦੇ ਰਹੇ ਹਨ । ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੇ ਮਨ ਕੀ ਬਾਤ ਨੂੰ ਸੁਣਨਾ ਚਾਹੀਦਾ ਹੈ। ਕਿਸਾਨ ਆਗੂ ਜਗਮੋਹਨ ਨੇ ਕਿਹਾ ਕਿ ਕਿਸਾਨ ਨੇਤਾਵਾਂ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਅਸੀਂ ਸਾਡੀਆਂ ਮੰਗਾਂ ‘ਤੇ ਸਮਝੌਤਾ ਨਹੀਂ ਕਰਾਂਗੇ । ਅਸੀਂ ਮੋਦੀ ਦੇ ਮਨ ਨੂੰ ਸੁਣ ਰਹੇ ਹਾਂ, ਹੁਣ ਉਨ੍ਹਾਂ ਨੇ ਸਾਡੇ ਮਨ ਕੀ ਬਾਤ ਨੂੰ ਸੁਣਨਾ ਹੈ।
ਦੱਸ ਦੇਈਏ ਕਿ ਕਾਂਗਰਸ, ਸਮਾਜਵਾਦੀ ਪਾਰਟੀ, ਪੀਏਜੀਡੀ, ਏਸੀਪੀ, ਸੀਪੀਆਈ, ਸੀਪੀਐਮ, ਸੀਪੀਆਈ (ਐਲਐਲ), ਆਰਐਸਪੀ, ਆਰਜੇਡੀ, ਡੀਐਮਕੇ ਅਤੇ ਏਆਈਐਫਬੀ ਨੇ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ, ਜੇਐਮਐਮ, ਟੀਆਰਐਸ ਅਤੇ ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ ।
ਇਸ ਤੋਂ ਇਲਾਵਾ ਕਈ ਬੈਂਕ ਯੂਨੀਅਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਹੈ । ਯੂਨੀਅਨਾਂ ਨੇ ਸਰਕਾਰ ਨੂੰ ਜਲਦ ਤੋਂ ਜਲਦ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਹੈ । ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਨੇ ਕਿਹਾ ਹੈ ਕਿ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ।
ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ