Pollution Impact on Delhi: ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਕਿਵੇਂ ਗੈਸ ਚੈਂਬਰ ਬਣ ਗਏ ਹਨ ਇਸ ਗੱਲ ਦਾ ਸਬੂਤ ਹੈ ਕਿ ਦਿੱਲੀ-ਐਨਸੀਆਰ ਦੇ ਘਰਾਂ ਵਿੱਚ 1 ਜਾਂ ਵਧੇਰੇ ਲੋਕ ਪ੍ਰਦੂਸ਼ਣ ਸਬੰਧੀ ਸਮੱਸਿਆਵਾਂ ਜਿਵੇਂ ਕਿ ਖੰਘ, ਜ਼ੁਕਾਮ, ਗਲੇ ਵਿੱਚ ਦਰਦ, ਸਿਰਦਰਦ, ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਸਮੱਸਿਆ ਆਦਿ ਨਾਲ ਜੂਝ ਰਹੇ ਹਨ। ਇਸ ਖੇਤਰ ਵਿੱਚ ਰਾਜਧਾਨੀ, ਦਿੱਲੀ ਵਿੱਚ ਸਭ ਤੋਂ ਵੱਧ 85% ਘਰ ਹਨ, ਜਿੱਥੇ ਇੱਕ ਜਾਂ ਵਧੇਰੇ ਲੋਕ ਪ੍ਰਦੂਸ਼ਣ ਸਬੰਧੀ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਬਾਅਦ ਨੋਇਡਾ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੁਰੂਗਰਾਮ ਦੀ ਗਿਣਤੀ ਆਉਂਦੀ ਹੈ।
ਦਰਅਸਲ, ਦਿੱਲੀ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸਥਿਤੀ ਬਦਤਰ ਹੋ ਗਈ। ਲੋਕਲ ਸਰਕਲਾਂ ਨੇ 15 ਅਕਤੂਬਰ 2020 ਨੂੰ ਇੱਕ ਸਰਵੇਖਣ ਦੇ ਨਤੀਜਿਆਂ ਦੇ ਅਧਾਰ ‘ਤੇ ਕਿਹਾ ਸੀ ਕਿ ਦਿੱਲੀ ਵਿੱਚ 65% ਘਰਾਂ ਵਿੱਚ ਇੱਕ ਜਾਂ ਵਧੇਰੇ ਵਿਅਕਤੀ ਹਨ ਜਿਨ੍ਹਾਂ ਨੇ ਪ੍ਰਦੂਸ਼ਣ ਸਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਹੈ । ਹੁਣ ਇਹ ਅੰਕੜਾ ਵੱਧ ਕੇ 85% ਹੋ ਗਿਆ ਹੈ।
ਲੋਕਲ ਸਰਕਲਾਂ ਨੇ ਪ੍ਰਦੂਸ਼ਣ ਨਾਲ ਸਬੰਧਤ ਸਿਹਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੀ ਕੁੱਲ ਪ੍ਰਤੀਸ਼ਤਤਾ ਦਾ ਪਤਾ ਲਗਾਉਣ ਲਈ ਦਿੱਲੀ-ਐਨਸੀਆਰ ਦਾ ਸਰਵੇਖਣ ਕੀਤਾ । ਸਰਵੇਖਣ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਪ੍ਰਦੂਸ਼ਣ ਅਤੇ ਕੋਵਿਡ-19 ਨਾਲ ਸੰਕਰਮਿਤ ਹੋਣ ਦੇ ਦੋਹਰੇ ਖਤਰੇ ਵਿਚਕਾਰ ਦੀਵਾਲੀ ਦੇ ਤਿਉਹਾਰ ਦੌਰਾਨ ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਅਤੇ ਇਕੱਠੇ ਹੋਣ ਬਾਰੇ ਕੀ ਸੋਚ ਰਹੇ ਹਨ। ਭਾਰਤ ਵਿੱਚ ਤਿਉਹਾਰ ਰਵਾਇਤੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ, ਇਸ ਸਰਵੇਖਣ ਨੂੰ ਦਿੱਲੀ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਦੇ ਵਸਨੀਕਾਂ ਵੱਲੋਂ 35,000 ਤੋਂ ਵੱਧ ਹੁੰਗਾਰੇ ਮਿਲੇ ਹਨ।
ਸਰਵੇਖਣ ਦੇ ਦੂਜੇ ਪ੍ਰਸ਼ਨ ਵਿੱਚ ਦਿੱਲੀ-ਐਨਸੀਆਰ ਦੇ ਨਾਗਰਿਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹ ਦੀਵਾਲੀ ਦੇ ਸਮੇਂ ਸਮਾਜਿਕ ਹੋਣ ਬਾਰੇ ਸੋਚ ਰਹੇ ਹਨ। ਦਿੱਲੀ ਅਤੇ ਐੱਨ.ਸੀ.ਆਰ. ਦੇ ਲੋਕ ਆਮ ਤੌਰ ‘ਤੇ ਦੀਵਾਲੀ ਦੇ ਸਮੇਂ ਆਪਣੇ ਦੋਸਤਾਂ ਅਤੇ ਵਿਸਥਾਰਿਤ ਪਰਿਵਾਰ ਨੂੰ ਮਿਲਦੇ ਹਨ ਅਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਕਰਦੇ ਹਨ। ਇਸ ਦੌਰਾਨ ਦੀਵਾਲੀ ਪਾਰਟੀਆਂ ਵੀ ਕਰਵਾਈਆਂ ਜਾਂਦੀਆਂ ਹਨ । ਨਾਗਰਿਕਾਂ ਨੂੰ ਇਸ ਪ੍ਰਸ਼ਨ ਨਾਲ ਚੇਤਾਵਨੀ ਵੀ ਦਿੱਤੀ ਗਈ ਕਿ 500-700 ਦੀ ਰੇਂਜ ਵਿੱਚ AQI ਅਤੇ ਰੋਜ਼ਾਨਾ ਕੋਰੋਨਾ ਦੇ 7,000 ਕੇਸ ਸਾਹਮਣੇ ਆ ਰਹੇ ਹਨ। ਦਿੱਲੀ ਤੋਂ 5,908, ਗੁਰੂਗ੍ਰਾਮ ਤੋਂ 1,364, ਨੋਇਡਾ ਤੋਂ 1,449, ਗਾਜ਼ੀਆਬਾਦ ਤੋਂ 2,650 ਅਤੇ ਫਰੀਦਾਬਾਦ ਤੋਂ 1,318 ਜਵਾਬ ਮਿਲੇ ਹਨ ।
ਦੱਸ ਦੇਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਦੇਸ਼ ਭਰ ਦੇ “ਖਰਾਬ” ਜਾਂ ਬਦਤਰ ਹਵਾ ਦੇ ਗੁਣਵਤਾ ਵਾਲੇ ਸ਼ਹਿਰਾਂ ਵਿੱਚ 7 ਤੋਂ 30 ਨਵੰਬਰ ਤੱਕ ਹਰ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਹੈ। ਇਸਦਾ ਉਦੇਸ਼ ਤਿਉਹਾਰਾਂ ਦੇ ਮੌਸਮ ਦੌਰਾਨ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਰੱਖਣਾ ਹੈ।