Power cut at Ghazipur border: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਦੇਰ ਰਾਤ ਗਾਜੀਪੁਰ ਬਾਰਡਰ ‘ਤੇ ਹੰਗਾਮਾ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਪੁਲਿਸ ਨੇ ਰਾਤ ਨੂੰ ਉਨ੍ਹਾਂ ਦੇ ਕੈਂਪ ਦੀ ਬਿਜਲੀ ਕੱਟ ਦਿੱਤੀ । ਕਿਸਾਨਾਂ ਨੇ ਪੁਲਿਸ ਅਤੇ ਸਰਕਾਰ ‘ਤੇ ਅੰਦੋਲਨ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਸ਼ਾਸਨ ਨੇ ਅੱਜ ਮਾਹੌਲ ਖਰਾਬ ਕਰ ਦਿੱਤਾ ਹੈ । ਲਾਈਟ ਬੰਦ ਕਰ ਦਿੱਤੀ । ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਲਈ ਅਸੀਂ ਇੱਥੇ ਰਾਤ ਨੂੰ ਜਾਗ ਰਹੇ ਹਾਂ। ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਡਾ ਅੰਦੋਲਨ ਖ਼ਤਮ ਹੋ ਜਾਵੇ। ਟਿਕੈਤ ਨੇ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਦੇ ਸਵਾਲ ‘ਤੇ ਕਿਹਾ ਕਿ ਜਦੋਂ ਉਹ ਅੰਦੋਲਨ ਕਰ ਰਹੇ ਹਾਂ ਤਾਂ ਕੇਸ ਦਰਜ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਦਿੱਲੀ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਣ ਲਈ ਬੁਲਾਉਂਦੀ ਹੈ ਤਾਂ ਉਹ ਜ਼ਰੂਰ ਜਾਣਗੇ । ਕੁਝ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਵਾਪਸ ਲੈਣ ‘ਤੇ ਟਿਕੈਤ ਨੇ ਕਿਹਾ ਕਿ ਗਾਜੀਪੁਰ ਬਾਰਡਰ ‘ਤੇ ਬਿਜਲੀ ਕੱਟਦੇ ਹੀ ਉਹ ਲੋਕ ਵੀ ਗਾਇਬ ਹੋ ਗਏ । ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਅੰਦੋਲਨ ਜਾਰੀ ਰਹੇਗਾ, ਲਾਲ ਕਿਲ੍ਹੇ ‘ਤੇ ਜੋ ਵੀ ਵਾਪਰਿਆ ਅਤੇ ਜਿਸਨੇ ਵੀ ਕੀਤਾ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜੋ ਵੀ ਹੋਇਆ ਅਤੇ ਜਿਸਨੇ ਵੀ ਕੀਤਾ, ਅਸੀਂ ਉਨ੍ਹਾਂ ਦੇ ਨਾਲ ਨਹੀਂ ਹਾਂ। ਉਨ੍ਹਾਂ ਕਿਹਾ ਕਿ ਟਰੈਕਟਰ ਰੈਲੀ ਦਾ ਜੋ ਰੂਟ ਦਿੱਤਾ ਗਿਆ ਸੀ, ਉਸ ‘ਤੇ ਸਾਨੂੰ ਪੁਲਿਸ ਨੇ ਜਾਣ ਨਹੀਂ ਦਿੱਤਾ।
ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ FIR ਦਰਜ ਕੀਤੀ, ਜਿਨ੍ਹਾਂ ਨੇ ਟਰੈਕਟਰ ਪਰੇਡ ਕੱਢਣ ਲਈ ਦਿੱਤੀਆਂ ਗਈਆਂ ਸ਼ਰਤਾਂ ਵਾਲੇ NOC ’ਤੇ ਦਸਤਖ਼ਤ ਕੀਤੇ ਸਨ। ਰਾਕੇਸ਼ ਟਿਕੈਤ ਵੀ ਉਨ੍ਹਾਂ ਕਿਸਾਨ ਆਗੂਆਂ ’ਚ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਦਰਾਰ ਦੇਖਣ ਨੂੰ ਮਿਲ ਰਹੀ ਹੈ। ਨੋਇਡਾ ਦੇ ਚਿੱਲਾ ਸਰਹੱਦ ’ਤੇ ਕਿਸਾਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਨੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਚਿੱਲਾ ਬਾਰਡਰ ਤੋਂ ਬੈਰੀਕੇਡਜ਼ ਹਟਾ ਦਿੱਤੇ ਗਏ ਹਨ।