prakash raj on farmers bills:ਦੇਸ਼ ਭਰ ਦੇ ਕਿਸਾਨਾਂ ਨੇ ਖੇਤੀਬਾੜੀ ਬਿੱਲ ਦੇ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ-ਹਰਿਆਣਾ ਵਿੱਚ ਪਿੱਛਲੇ ਕਈ ਦਿਨਾਂ ਤੋਂ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੇ ਕਿਸਾਨਾਂ ਨੂੰ ਹੁਣ ਬਾਲੀਵੁੱਡ ਕਲਾਕਾਰਾਂ ਦਾ ਵੀ ਕਾਫ਼ੀ ਸਮਰਥਨ ਮਿਲ ਰਿਹਾ ਹੈ। ਉਰਮਿਲਾ ਮਾਤੋਂਡਕਰ ਤੋਂ ਲੈ ਕੇ ਪ੍ਰਕਾਸ਼ ਰਾਜ ਤੱਕ, ਬਹੁਤ ਸਾਰੇ ਕਲਾਕਾਰਾਂ ਨੇ ਟਵੀਟ ਕਰ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਰਾਜ ਨੇ ਹਾਲ ਹੀ ਵਿੱਚ ਕਿਸਾਨਾਂ ਬਾਰੇ ਇੱਕ ਕਾਰਟੂਨ ਵੀ ਸਾਂਝਾ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਧਿਆਨ ਨਾ ਭਟਕਾਉਣ ਲਈ ਵੀ ਕਿਹਾ ਹੈ। ਪ੍ਰਕਾਸ਼ ਰਾਜ ਦਾ ਕਿਸਾਨਾਂ ਬਾਰੇ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ, ਨਾਲ ਹੀ ਸੋਸ਼ਲ ਮੀਡੀਆ ਉਪਭੋਗਤਾ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ।
ਪ੍ਰਕਾਸ਼ ਰਾਜ ਦੁਆਰਾ ਕਿਸਾਨੀ ਉੱਤੇ ਸਾਂਝੇ ਕੀਤੇ ਗਏ ਕਾਰਟੂਨ ਵਿੱਚ ਕਾਵਾਂ ਨੂੰ ਵਿਚੋਲੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਦੋਂ ਕਿ ਫਸਲਾਂ ਦੀ ਰੱਖਿਆ ਕਰਨ ਵਾਲੇ ਪੁਤਲੇ ਦੀ ਜਗ੍ਹਾ ਇੱਲ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਕਾਰਪੋਰੇਟਸ ਵਜੋਂ ਦਰਸਾਇਆ ਗਿਆ ਹੈ। ਇਸ ਕਾਰਟੂਨ ਨੂੰ ਸਾਂਝਾ ਕਰਦਿਆਂ ਪ੍ਰਕਾਸ਼ ਰਾਜ ਨੇ ਲਿਖਿਆ, “ਆਪਣੇ ਆਪ ਨੂੰ ਕੁਰਾਹੇ ਨਾ ਪੈਣ ਦਿਓ। ਹੁਣ ਸਾਡੇ ਕਿਸਾਨਾਂ ਨਾਲ ਖੜੇ ਹੋਣ ਦਾ ਸਮਾਂ ਹੈ। ਮੇਰੇ ਨਾਲ ਬੋਲੋ ਕਿ ਮੈਂ ਭਾਰਤੀ ਕਿਸਾਨਾਂ ਦੇ ਨਾਲ ਖੜਾ ਹਾਂ।” ਦੱਸ ਦੇਈਏ ਕਿ ਕਿਸਾਨ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖ ਵੱਖ ਕਿਸਾਨ ਜੱਥੇਬੰਦੀਆਂ ਇਸ ਬੰਦ ਵਿੱਚ ਸ਼ਾਮਿਲ ਹਨ। ਕਿਸਾਨੀ ਜੱਥੇਬੰਦੀਆਂ ਨੂੰ ਕਾਂਗਰਸ, ਰਾਜਦ, ਸਮਾਜਵਾਦੀ ਪਾਰਟੀ, ਅਕਾਲੀ ਦਲ, ਆਪ, ਟੀਐਮਸੀ ਸਮੇਤ ਕਈ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਮਿਲਿਆ ਹੈ।
ਬਾਲੀਵੁੱਡ ਅਭਿਨੇਤਾ ਪ੍ਰਕਾਸ਼ ਰਾਜ ਪਹਿਲਾਂ ਵੀ ਇਸ ਬਾਰੇ ਕਈ ਟਵੀਟ ਕਰ ਚੁੱਕੇ ਹਨ। ਇਸਦੇ ਨਾਲ, ਉਨ੍ਹਾਂ ਨੇ ਸਮਕਾਲੀ ਮੁੱਦਿਆਂ ‘ਤੇ ਵੀ ਜ਼ੋਰਦਾਰ ਆਵਾਜ਼ਾਂ ਉਠਾਈਆਂ ਹਨ। ਇਸ ਦੇ ਨਾਲ ਹੀ, ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਕੱਲ੍ਹ (ਵੀਰਵਾਰ, 24 ਸਤੰਬਰ) ਤੋਂ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ‘ਤੇ ਹਨ। ਕਿਸਾਨ ਰੇਲਵੇ ਟਰੈਕ ‘ਤੇ ਡਟੇ ਹੋਏ ਹਨ ਅਤੇ ਬਿੱਲ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਦੇਸ਼ ਵਿਆਪੀ ਬੰਦ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਦੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਉਥੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਕਾਰਵਾਈ ਨਾਲ ਨਜਿੱਠਿਆ ਜਾ ਸਕੇ।