Pranab Mukherjee funeral: ਨਵੀਂ ਦਿੱਲੀ: ਭਾਰਤ ਰਤਨ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ ਵਿੱਚ ਸੋਮਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ । ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਆਖਰੀ ਸਾਹ ਲਏ। ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਸਨਮਾਨ ਵਿੱਚ ਸੋਮਵਾਰ ਨੂੰ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਸੋਗ ਵਿੱਚ ਦੇਸ਼ ਵਿਚ 31 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਰਾਸ਼ਟਰੀ ਸੋਗ ਜਾਰੀ ਰਹੇਗਾ। ਜਿਸ ਕਾਰਨ ਰਾਸ਼ਟਰਪਤੀ ਭਵਨ ਤੇ ਸੰਸਦ ਭਵਨ ਦੇ ਝੰਡੇ ਝੁਕਾ ਦਿੱਤੇ ਗਏ ਹਨ। ਉਨ੍ਹਾਂ ਦਾ ਮੰਗਲਵਾਰ ਨੂੰ ਦਿੱਲੀ ਵਿਚ ਦੁਪਹਿਰ 2.30 ਵਜੇ ਲੋਧੀ ਸ਼ਮਸ਼ਾਨ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਣਬ ਮੁਖਰਜੀ ਨੂੰ 10 ਅਗਸਤ ਨੂੰ ਆਰਮੀ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸੇ ਦਿਨ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਫੌਜ ਦੇ ਹਸਪਤਾਲ ਵਿੱਚ ਕੋਮਾ ਵਿੱਚ ਸੀ। ਮੁਖਰਜੀ ਨੂੰ ਬਾਅਦ ਵਿੱਚ ਫੇਫੜੇ ਦੀ ਲਾਗ ਹੋ ਗਈ। ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਣਬ ਮੁਖਰਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਪੀ.ਐੱਮ. ਮੋਦੀ ਨੇ ਲਿਖਿਆ ਕਿ ਪ੍ਰਣਬ ਮੁਖਰਜੀ ਦੇ ਦਿਹਾਂਤ ‘ਤੇ ਪੂਰਾ ਦੇਸ਼ ਦੁਖੀ ਹੈ, ਉਹ ਇੱਕ ਸਟੇਟਸਮੈਨ ਸਨ। ਜਿਨ੍ਹਾਂ ਨੇ ਰਾਜਨੀਤਕ ਖੇਤਰ ਅਤੇ ਸਾਮਾਜਕ ਖੇਤਰ ਦੇ ਹਰ ਵਰਗ ਦੀ ਸੇਵਾ ਕੀਤੀ ਹੈ। ਪੀ.ਐੱਮ. ਮੋਦੀ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਸਾਬਕਾ ਰਾਸ਼ਟਰਪਤੀ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ ਹੈ।