ਸਰਕਾਰ ਬਣਾਉਣ ਨੂੰ ਲੈ ਕੇ ਸਸਪੈਂਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ। ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਗਿਣਤੀ ਘੱਟ ਆਉਣ ‘ਤੇ ਪਹਿਲੀ ਵਾਰ ਉਨ੍ਹਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਸੂਤਰਾਂ ਮੁਤਾਬਕ ਪੀਐੱਮ ਮੋਦੀ ਨੇ ਕਿਹਾ ਕਿ ਹਾਰ ਤੇ ਜਿੱਤ ਰਾਜਨੀਤੀ ਦਾ ਹਿੱਸਾ ਹੈ, ਨੰਬਰ ਗੇਮ ਚੱਲਦਾ ਰਹਿੰਦਾ ਹੈ, ਤੁਸੀਂ ਦੇਸ਼ ਤੇ ਸਮਾਜ ਲਈ ਕੰਮ ਕਰਦੇ ਰਹੋ।
ਸਰਕਾਰ ਦੀ ਆਖਰੀ ਕੈਬਨਿਟ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਸਹਿਯੋਗੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ 10 ਸਾਲ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਇਸ ਨੂੰ ਅੱਗੇ ਵਧਾਇਆ ਜਾਵੇਗਾ। ਮੰਤਰੀ ਮੰਡਲ ਦੀ ਮੀਟਿੰਗ ਵਿਚ ਪੀਐੱਮ ਮੋਦੀ ਨੇ ਕਿਹਾ ਕਿ ਰਾਜਨੀਤੀ ਵਿਚ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹਿੰਦੇ ਹਨ… ਸਾਡੀ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ। ਅਰਥਵਿਵਸਥਾ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ, ਅੱਗੇ ਹੋਰ ਵੀ ਬੇਹਤਰ ਕਰਾਂਗੇ।
ਇਸ ਮੀਟਿੰਗ ਵਿਚ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਗਈ ਤੇ ਪੀਐੱਮ ਸਣੇ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ। ਇਸ ਬੈਠਕ ਦੇ ਬਾਅਦ ਪੀਐੱਮ ਸਿੱਧੇ ਰਾਸ਼ਟਰਪਤੀ ਭਵਨ ਪਹੁੰਚੇ ਤੇ ਦ੍ਰੋਪਦੀ ਮੁਰਮੂ ਨੂੰ ਅਸਤੀਫਾ ਸੌਂਪਿਆ। ਰਾਸ਼ਟਰਪਤੀ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਤੇ ਕਿਹਾ ਕਿ ਤੁਸੀਂ ਨਵੀਂ ਸਰਕਾਰ ਦੇ ਗਠਨ ਤੱਕ ਆਪਣੇ ਮੰਤਰੀਆਂ ਨਾਲ ਕੰਮਕਾਜ ਸੰਭਾਲਦੇ ਰਹੋ।