Priyanka Gandhi demands CBI probe: ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੋਸਟ ਵਾਂਟੇਡ ਗੈਂਗਸਟਰ ਅਤੇ ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਦੋਸ਼ੀ ਵਿਕਾਸ ਦੂਬੇ ਨੂੰ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੀ ਉਜੈਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸਦੇ ਨਾਲ ਉਸਦੇ ਦੋ ਸਾਥੀ ਵੀ ਗ੍ਰਿਫਤਾਰ ਕੀਤੇ ਗਏ ਹਨ । ਪਰ ਵਿਕਾਸ ਦੀ ਗ੍ਰਿਫਤਾਰੀ ‘ਤੇ ਵਿਰੋਧੀ ਧਿਰ ਯੋਗੀ ਸਰਕਾਰ ‘ਤੇ ਹਮਲਾਵਰ ਬਣ ਗਈ ਹੈ । ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਬਾਅਦ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਕਈ ਸਵਾਲ ਖੜੇ ਕੀਤੇ ਹਨ।
ਪ੍ਰਿਯੰਕਾ ਨੇ ਟਵੀਟ ਕੀਤਾ ਕਿ ਤਿੰਨ ਮਹੀਨੇ ਪੁਰਾਣੇ ਪੱਤਰ ‘ਤੇ ਬਦਨਾਮ ਅਪਰਾਧੀਆਂ ਦੀ ਸੂਚੀ ਵਿੱਚ ‘ਨੋ ਐਕਸ਼ਨ’ ਅਤੇ ‘ਵਿਕਾਸ’ ਦਾ ਨਾਮ ਨਾ ਹੋਣਾ ਦੱਸਦਾ ਹੈ ਕਿ ਕੇਸ ਦੀਆਂ ਤਾਰਾਂ ਜੁੜੀਆਂ ਨਹੀਂ ਹਨ । ਯੂਪੀ ਸਰਕਾਰ ਨੂੰ ਇਸ ਮਾਮਲੇ ਦੀ CBI ਜਾਂਚ ਕਰਵਾ ਕੇ ਸਾਰੇ ਤੱਥਾਂ ਅਤੇ ਚਿੰਤਾਵਾਂ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਪੀ ਸਰਕਾਰ ਨੂੰ ਕਾਨਪੁਰ ਦੇ ਘਿਨਾਉਣੇ ਕਤਲੇਆਮ ਵਿੱਚ ਜਿਸ ਤਰਤੀਬ ਨਾਲ ਕੰਮ ਕਰਨਾ ਚਾਹੀਦਾ ਸੀ, ਉਹ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ । ਅਲਰਟ ਦੇ ਬਾਵਜੂਦ ਦੋਸ਼ੀ ਦੀ ਉਜੈਨ ਤੱਕ ਪਹੁੰਚ ਨਾ ਸਿਰਫ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ, ਬਲਕਿ ਪੇਚੀਦਗੀ ਦਾ ਸੰਕੇਤ ਵੀ ਦਿੰਦੀ ਹੈ।
ਉਥੇ ਹੀ ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਖ਼ਬਰਾਂ ਆ ਰਹੀਆਂ ਹਨ ਕਿ ‘ਕਾਨਪੁਰ-ਕਾਂਡ’ ਦਾ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ। ਜੇ ਇਹ ਸੱਚ ਹੈ ਤਾਂ ਸਰਕਾਰ ਨੂੰ ਸਾਫ ਕਰਨਾ ਚਾਹੀਦਾ ਹੈ ਕਿ ਇਹ ਆਤਮ ਸਮਰਪਣ ਹੈ ਜਾਂ ਗ੍ਰਿਫ਼ਤਾਰੀ। ਉਸਦੇ ਮੋਬਾਇਲ ਦੀ CDR ਵੀ ਜਨਤਕ ਕਰੋ ਤਾਂ ਜੋ ਸੱਚੀ ਮਿਲੀਭੁਗਤ ਦਾ ਭਾਂਡਾ ਭੰਨਿਆ ਜਾ ਸਕੇ।
ਦੱਸ ਦੇਈਏ ਕਿ ਵੀਰਵਾਰ ਨੂੰ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਵਿਕਾਸ ਦੂਬੇ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਉਜੈਨ ਵਿੱਚ ਮਹਾਕਾਲ ਦੇ ਦਰਸ਼ਨ ਕੇ ਕੇ ਬਾਹਰ ਆਇਆ ਸੀ । ਪੁਲਿਸ ਟੀਮਾਂ ਵਿਕਾਸ ਦੂਬੇ ਦੀ ਭਾਲ ਵਿੱਚ ਲਗਾਤਾਰ ਲੱਗੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮਹਾਕਾਲ ਮੰਦਰ ਕੰਪਲੈਕਸ ਪਹੁੰਚਣ ‘ਤੇ ਵਿਕਾਸ ਨੇ ਰੌਲਾ ਪਾਇਆ ਕਿ ਉਹ ‘ਵਿਕਾਸ ਦੂਬੇ’ ਹੈ । ਇਸ ਤੋਂ ਬਾਅਦ ਮੰਦਰ ਦੇ ਅਹਾਤੇ ਵਿੱਚ ਤਾਇਨਾਤ ਸੁਰੱਖਿਆ ਗਾਰਡਾਂ ਨੇ ਉਸਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ।