ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀ ਮਾਰੇ ਗਏ ਸਨ । ਅਜਿਹੇ ਵਿੱਚ ਪ੍ਰਿਯੰਕਾ ਗਾਂਧੀ ਨੇ ਰਾਜ ਮੰਤਰੀ ਟੇਨੀ ਦੇ ਅਸਤੀਫੇ ਦੀ ਮੰਗ ਨਾ ਕਰਨ ‘ਤੇ ਕੇਂਦਰ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਸ਼ਹਿਰ ਵਿੱਚ ਰੈਲੀ ਦੌਰਾਨ ਪ੍ਰਿਯੰਕਾ ਨੇ ਕੇਂਦਰ ‘ਤੇ ਜੰਮ ਕੇ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਾਸ਼ਟਰ ਪ੍ਰਤੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਉਨ੍ਹਾਂ ਦਾ ਧਰਮ ਹੈ। ਇਹ ਧਰਮ ਹਰ ਧਰਮ ਤੋਂ ਉੱਪਰ ਹੈ। ਜੋ ਵੀ ਸਿਆਸਤਦਾਨ, ਪ੍ਰਧਾਨ ਮੰਤਰੀ ਜਾਂ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਰਹੇ, ਉਸ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ।”
ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ । ਜਲਦੀ ਹੀ ਉਹ ਆਦਮੀ ਅਜ਼ਾਦ ਘੁੰਮ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਹੀ ਆਦਮੀ ਹੈ ਜਿਸ ਨੇ ਬੇਕਸੂਰ ਕਿਸਾਨਾਂ ਨੂੰ ਕੁਚਲਿਆ ਸੀ ਪਰ ਸਰਕਾਰ ਨੇ ਕਿਸ ਨੂੰ ਬਚਾਇਆ? ਕੀ ਕਿਸਾਨਾਂ ਨੂੰ ਬਚਾਇਆ? ਜਦੋਂ ਕਿਸਾਨ ਮਾਰੇ ਜਾ ਰਹੇ ਸਨ ਤਾਂ ਪੁਲਿਸ ਤੇ ਪ੍ਰਸ਼ਾਸਨ ਕਿੱਥੇ ਸੀ ?’
ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਲੈ ਕੇ ਬੀਤੇ ਦਿਨ ਵੀ ਇੱਕ ਟਵੀਟ ਰਾਹੀਂ ਬੀਜੇਪੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੱਤਾ ਦੀ ਰਾਖੀ ਵਿੱਚ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਸੱਤਾ ਨੇ ਕਿਸਾਨਾਂ ਦੀ ਇਨਸਾਫ਼ ਦੀ ਉਮੀਦ ਨੂੰ ਕੁਚਲ ਦਿੱਤਾ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਕਿਸਾਨ ਦੁਖੀ ਤੇ ਗੁੱਸੇ ਵਿੱਚ ਹਨ। ਕਾਂਗਰਸ ਪਾਰਟੀ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: