ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਹੁਣ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀਆ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਕਿਸਾਨਾਂ ਵੱਲੋਂ ਅੱਜ ਮੁਜੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਜਿਸ ਨੂੰ ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਹੀ ਠਹਿਰਾਇਆ।
ਦਰਅਸਲ, ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਮਾਣ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਪ੍ਰਿਯੰਕਾ ਗਾਂਧੀ ਵੱਲੋਂ ਕਿਸਾਨਾਂ ਦੀ ਮੁਜ਼ੱਫਰਨਗਰ ਵਿੱਚ ਚੱਲ ਰਹੀ ਮਹਾਪੰਚਾਇਤ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਸਹੀ ਦੱਸਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ ਅਤੇ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੀ ਹੁੰਕਾਰ ਦਾ ਜਵਾਬ ਹੰਕਾਰ ਨਾਲ ਨਹੀਂ ਦੇਣਾ ਚਾਹੀਦਾ ।
ਦੱਸ ਦੇਈਏ ਕਿ ਇਸ ਸਬੰਧੀ ਪ੍ਰਿਯੰਕਾ ਗਾਂਧੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ,‘‘ਕਿਸਾਨ ਸਾਡੇ ਦੇਸ਼ ਦਾ ਮਾਣ ਤੇ ਦੇਸ਼ ਦੀ ਆਵਾਜ਼ ਹਨ। ਕਿਸਾਨਾਂ ਦੀ ਹੁੰਕਾਰ ਦੇ ਸਾਹਮਣੇ ਕਿਸੇ ਵੀ ਸੱਤਾ ਦਾ ਹੰਕਾਰ ਨਹੀਂ ਚੱਲਦਾ । ਖੇਤੀ-ਕਿਸਾਨੀ ਨੂੰ ਬਚਾਉਣ ਅਤੇ ਆਪਣੀ ਮਿਹਨਤ ਦਾ ਹੱਕ ਮੰਗਣ ਦੀ ਲੜਾਈ ਵਿੱਚ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ।”