Priyanka gandhi takes a dig : ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਇੱਕ ਬਿਆਨ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਤੀਰਥ ਰਾਵਤ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਸੀ ਕਿ ਉਹ ਔਰਤਾਂ ਨੂੰ ਫਟੀਆਂ ਜੀਨਸ ਪਾਉਂਦੇ ਦੇਖ ਕੇ ਹੈਰਾਨ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਸਮਾਜ ਨੂੰ ਕੀ ਸੁਨੇਹਾ ਦਿੱਤਾ ਜਾਵੇਗਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਦੀ ਕਾਫੀ ਨਿੰਦਾ ਹੋ ਰਹੀ ਹੈ। ਹੁਣ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਕੁੱਝ ਤਸਵੀਰਾਂ ਦਾ ਕੋਲਾਜ ਸਾਂਝਾ ਕਰਕੇ ਤੰਜ ਕਸਿਆ ਹੈ।

ਪ੍ਰਿਅੰਕਾ ਗਾਂਧੀ ਨੇ RSS ਦੇ ਖਾਕੀ ਨਿੱਕਰ ਰਵਾਇਤੀ ਪਹਿਰਾਵੇ ਵਾਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀਆ ਪੁਰਾਣੀਆਂ ਫੋਟੋਆਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘ਹੇ ਪਰਮਾਤਮਾ, ਇਨ੍ਹਾਂ ਦੇ ਗੋਡੇ ਤਾਂ ਦਿਖਾਈ ਦੇ ਰਹੇ ਹਨ।” ਕਾਂਗਰਸ ਨੇ ਸੀ ਐਮ ਤੀਰਥ ਸਿੰਘ ਰਾਵਤ ਦੇ ਬਿਆਨ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ਨੂੰ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਆਖਣਾ ਚਾਹੀਦਾ ਹੈ।






















