ਬੀਤੇ ਦਿਨੀ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਤੋਂ ਬਾਅਦ ਜਾਨ ਗਵਾਉਣ ਵਾਲੇ ਪਰਿਵਾਰਾਂ ਨਾਲ ਮੁਲਕਾਤ ਕਰਨ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਰਸਤੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਹੁਣ 28 ਘੰਟਿਆਂ ਬਾਅਦ ਵੀ ਉਹ ਪੁਲਿਸ ਹਿਰਾਸਤ ਵਿੱਚ ਹਨ।
ਪ੍ਰਿਯੰਕਾ ਨੇ ਵੀਡੀਉ (ਕਾਰ ਦੇ ਨਾਲ ਕਿਸਾਨਾਂ ਨੂੰ ਕੁਚਲਣ ਵਾਲਾ ਵੀਡੀਓ) ਜਾਰੀ ਕਰਕੇ ਪੀਐਮ ਮੋਦੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਜੀ ਨਮਸਕਾਰ। ਮੈਂ ਸੁਣਿਆ ਹੈ ਕਿ ਅੱਜ ਤੁਸੀਂ ਆਜ਼ਾਦੀ ਦੇ ਅੰਮ੍ਰਿਤ ਦਾ ਜਸ਼ਨ ਮਨਾਉਣ ਲਈ ਲਖਨਊ ਆ ਰਹੇ ਹੋ। ਕੀ ਤੁਸੀਂ ਇਹ ਵੀਡੀਓ ਦੇਖੀ ਹੈ ? ਜਿਸ ਵਿੱਚ ਤੁਹਾਡੀ ਸਰਕਾਰ ਦੇ ਮੰਤਰੀ ਦਾ ਪੁੱਤਰ ਆਪਣੀ ਕਾਰ ਨਾਲ ਕਿਸਾਨਾਂ ਨੂੰ ਕੁਚਲਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖੋ ਅਤੇ ਇਸ ਦੇਸ਼ ਨੂੰ ਦੱਸੋ ਕਿ ਇਸ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਅਤੇ ਮੰਤਰੀ ਦੇ ਪੁੱਤਰ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ? ਤੁਸੀਂ ਮੇਰੇ ਵਰਗੇ ਵਿਰੋਧੀ ਨੇਤਾਵਾਂ ਨੂੰ ਬਿਨਾਂ ਕਿਸੇ ਆਦੇਸ਼ ਅਤੇ ਐਫਆਈਆਰ ਦੇ ਹਿਰਾਸਤ ਵਿੱਚ ਰੱਖਿਆ ਹੈ, ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਆਦਮੀ ਆਜ਼ਾਦ ਕਿਉਂ ਹੈ।
ਅੱਜ, ਜਦੋਂ ਤੁਸੀਂ ਆਜ਼ਾਦੀ ਦੇ ਅੰਮ੍ਰਿਤ ਦੀ ਮਹਿਫ਼ਲ ਵਿੱਚ ਬੈਠੇ ਹੋਵੋਗੇ, ਤਾਂ ਯਾਦ ਕਰਨਾ ਕਿ ਸਾਨੂੰ ਆਜ਼ਾਦੀ ਕਿਸਨੇ ਦਵਾਈ। ਇਨ੍ਹਾਂ ਕਿਸਾਨਾਂ ਨੇ ਹੀ ਸਾਨੂੰ ਆਜ਼ਾਦੀ ਦਵਾਈ ਸੀ। ਅੱਜ ਵੀ ਕਿਸਾਨਾਂ ਦੇ ਪੁੱਤਰ ਸਰਹੱਦ ‘ਤੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਕਿਸਾਨ ਆਪਣੀ ਆਵਾਜ਼ ਉਠਾਉਂਦੇ ਹੋਏ ਮਹੀਨਿਆਂ ਤੋਂ ਦੁਖੀ ਹਨ। ਤੁਸੀਂ ਉਨ੍ਹਾਂ ਨੂੰ ਨਕਾਰ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਲਖੀਮਪੁਰ ਨਾ ਆਓ। ਇਸ ਅੰਨਦਾਤਾ ਦੇ ਦਰਦ ਨੂੰ ਸਮਝੋ ਅਤੇ ਸੁਣੋ ਜੋ ਦੇਸ਼ ਦੀ ਆਤਮਾ ਵੀ ਹੈ। ਉਨ੍ਹਾਂ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਹੈ …. ਜੈ ਹਿੰਦ, ਜੈ ਕਿਸਾਨ।
ਪ੍ਰਿਯੰਕਾ ਨੇ ਵੀਡੀਓ ਵਿੱਚ ਮੋਬਾਈਲ ਦੇ ਜ਼ਰੀਏ ਇੱਕ ਵੀਡੀਓ ਵੀ ਦਿਖਾਇਆ ਹੈ, ਜਿਸ ਵਿੱਚ ਇੱਕ ਕਾਰ ਨਾਅਰੇ ਲਗਾਉਂਦੇ ਹੋਏ ਕਿਸਾਨਾਂ ਨੂੰ ਲਤਾੜਦੀ ਹੋਈ ਅੱਗੇ ਨਿਕਲਦੀ ਦਿਖਾਈ ਦੇ ਰਹੀ ਹੈ। ਲਖੀਮਪੁਰ ਖੀਰੀ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵੀਡੀਓ ਵਿੱਚ, ਕਿਸਾਨਾਂ ਨੂੰ ਇੱਕ ਕਾਰ ਨਾਲ ਟਕਰਾਉਂਦੇ ਹੋਏ ਅਤੇ ਜ਼ਮੀਨ ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਦੂਜੇ ਕਿਸਾਨ ਕਾਰ ਦੇ ਅਗਲੇ ਪਾਸੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕਿਸਾਨਾਂ ਨੂੰ ਟੱਕਰ ਮਾਰਨ ਵਾਲੀ ਐਸਯੂਵੀ ਦੇ ਪਿੱਛੇ ਸਾਇਰਨ ਵਜਾਉਣ ਵਾਲੀ ਇੱਕ ਹੋਰ ਕਾਰ ਦਿਖਾਈ ਦੇ ਰਹੀ ਹੈ।
ਹਾਲਾਂਕਿ ਵੀਡੀਓ ਵਿੱਚ ਸਪੱਸ਼ਟ ਤੌਰ ‘ਤੇ ਇਹ ਨਹੀਂ ਦਿਖਾਈ ਦਿੱਤਾ ਕਿ ਕਾਰ ਕੌਣ ਚਲਾ ਰਿਹਾ ਸੀ, ਪਰ ਕੁੱਝ ਕਿਸਾਨਾਂ ਨੂੰ ਕੁਚਲਦਿਆਂ ਹੋਇਆ ਦੇਖਿਆ ਜਾਂ ਸਕਦਾ ਹੈ। ਇਸ ਦੌਰਾਨ ਕਾਰ ਨੇ ਕਈ ਹੋਰ ਲੋਕਾਂ ਨੂੰ ਵੀ ਟੱਕਰ ਮਾਰ ਦਿੱਤੀ। ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਵਿਰੋਧੀ ਪਾਰਟੀਆਂ ਸਮੇਤ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਟਵਿੱਟਰ ‘ਤੇ ਸਾਂਝਾ ਕਰ ਰਹੇ ਹਨ। ਹਾਲਾਂਕਿ, ‘ਡੈਲੀ ਪੋਸਟ’ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ ਹੈ।