ਭਾਜਪਾ ਨੇ ਇਸ ਮਹੀਨੇ ਦੇ ਅਖੀਰ ਵਿੱਚ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਕੇਂਦਰੀ ਚੋਣ ਕਮੇਟੀ ਦੁਆਰਾ ਪ੍ਰਵਾਨਤ ਨਾਵਾਂ ਵਿੱਚ ਸਮਸੇਰਗੰਜ ਤੋਂ ਮਿਲਨ ਘੋਸ਼, ਜੰਗੀਪੁਰ ਤੋਂ ਸੁਜੀਤ ਦਾਸ ਸ਼ਾਮਿਲ ਹਨ।
ਇਸ ਤੋਂ ਇਲਾਵਾ ਭਾਜਪਾ ਨੇ ਭਵਾਨੀਪੁਰ ਸੀਟ ਤੋਂ ਪ੍ਰਿਯੰਕਾ ਟਿਬਰੇਵਾਲ ਨੂੰ ਮੌਕਾ ਦਿੱਤਾ ਹੈ ਜਿੱਥੋਂ ਸੀਐਮ ਮਮਤਾ ਬੈਨਰਜੀ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪ੍ਰਿਯੰਕਾ ਟਿਬਰੇਵਾਲ ਪੇਸ਼ੇ ਤੋਂ ਵਕੀਲ ਹੈ। ਪ੍ਰਿਯੰਕਾ ਟਿਬਰੇਵਾਲ ਭਾਜਪਾ ਨੇਤਾ ਬਾਬੁਲ ਸੁਪਰੀਓ ਦੀ ਕਾਨੂੰਨੀ ਸਲਾਹਕਾਰ ਵੀ ਰਹੀ ਹੈ, ਉਹ ਸੁਪਰਿਓ ਦੀ ਸਲਾਹ ਤੋਂ ਬਾਅਦ ਹੀ ਅਗਸਤ 2014 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ ਸੀ। 2015 ਵਿੱਚ, ਉਨ੍ਹਾਂ ਨੇ ਕੋਲਕਾਤਾ ਨਗਰ ਕੌਂਸਲ ਦੀ ਚੋਣ ਵਾਰਡ ਨੰਬਰ 58 (ਐਂਟਲੀ) ਤੋਂ ਭਾਜਪਾ ਉਮੀਦਵਾਰ ਵਜੋਂ ਲੜੀ, ਪਰ ਤ੍ਰਿਣਮੂਲ ਕਾਂਗਰਸ ਦੇ ਸਵਪਨ ਸਮਦਰ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ।
ਤ੍ਰਿਣਮੂਲ ਕਾਂਗਰਸ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਭਵਾਨੀਪੁਰ ਸੀਟ ਤੋਂ ਅੱਜ ਨਾਮਜ਼ਦਗੀ ਦਾਖਲ ਕਰਨਗੇ। ਵਿਧਾਨ ਸਭਾ ਚੋਣਾਂ ਵਿੱਚ ਮਮਤਾ ਨੇ ਨੰਦੀਗ੍ਰਾਮ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਹਰਾਇਆ ਸੀ। ਬੰਗਾਲ ਦੀ ਮੁੱਖ ਮੰਤਰੀ ਬਣੇ ਰਹਿਣ ਲਈ ਮਮਤਾ ਨੂੰ ਭਵਾਨੀਪੁਰ ਤੋਂ ਚੋਣ ਜਿੱਤਣ ਦੀ ਲੋੜ ਹੈ।