Protesting farmers build bigger stage: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 34ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੇ ਸਰਕਾਰ ਦੇ ਸੱਦੇ ਤੇ 29 ਦਸੰਬਰ ਨੂੰ ਗੱਲਬਾਤ ਦਾ ਪ੍ਰਸਤਾਵ ਦਿੱਤਾ ਸੀ। ਹੁਣ ਸਰਕਾਰ ਨੇ 29 ਦੀ ਬਜਾਏ 30 ਦਸੰਬਰ ਨੂੰ ਗੱਲਬਾਤ ਦਾ ਪ੍ਰਸਤਾਵ ਦਿੱਤਾ ਹੈ, ਜਿਸ ਨੂੰ ਕਿਸਾਨਾਂ ਨੇ ਸਵੀਕਾਰ ਕਰ ਲਿਆ ਹੈ, ਪਰ ਇਸਦੇ ਨਾਲ ਹੀ ਹੁਣ ਕਿਸਾਨਾਂ ਵੱਲੋਂ ਇਸ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦਰਅਸਲ, ਕਿਸਾਨ ਨੇਤਾ 30 ਦਸੰਬਰ ਨੂੰ 7ਵੀਂ ਵਾਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਜਿੱਥੇ ਇੱਕ ਪਾਸੇ ਗੱਲਬਾਤ ਕਰਨਗੇ ਤਾਂ ਉਥੇ ਹੀ ਦੂਜੇ ਪਾਸੇ ਸਿੰਘੂ ਬਾਰਡਰ ‘ਤੇ ਪੁਰਾਣੇ ਸਟੇਜ ਦੀ ਜਗ੍ਹਾ ਉਸ ਤੋਂ ਚਾਰ ਗੁਣਾ ਵੱਡਾ ਸਟੇਜ ਵੀ ਬਣ ਗਿਆ ਹੈ । ਪ੍ਰਦਰਸ਼ਨ ਵਿੱਚ ਸ਼ਾਮਿਲ ਕਿਸਾਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਿਸਾਨ ਨੇਤਾ ਇਸ ਸਟੇਜ ਦੀ ਵਰਤੋਂ ਵੀ ਕਰਨ ਲੱਗ ਗਏ ਹਨ । ਸ਼ਾਮ ਨੂੰ ਇਸ ਸਟੇਜ ਦੀ ਵਰਤੋਂ ਰੂਹਾਨੀ ਭਾਸ਼ਣ ਅਤੇ ਸੰਗੀਤ ਲਈ ਵੀ ਕੀਤਾ ਜਾਂਦਾ ਹੈ।
ਜੇਕਰ ਸਿੰਘੂ ਬਾਰਡਰ ‘ਤੇ ਮੌਜੂਦ ਕਿਸਾਨ ਆਗੂਆਂ ਦੀ ਮੰਨੀ ਜਾਵੇ ਤਾਂ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ, ਅਜਿਹੇ ਵਿੱਚ ਪੁਰਾਣਾ ਸਟੇਜ ਛੋਟਾ ਪੈ ਰਿਹਾ ਸੀ । ਜਿਸਦੇ ਮੱਦੇਨਜ਼ਰ ਇਹ ਨਵੀਂ ਸਟੇਜ ਬਣਾਈ ਗਈ ਹੈ। ਕਿਸਾਨ ਆਗੂਆਂ ਅਨੁਸਾਰ ਕਿਸਾਨਾਂ ਨੂੰ ਇਸ ਗੱਲ ਦਾ ਵੀ ਅੰਦਾਜਾ ਹੈ ਕਿ 30 ਦਸੰਬਰ ਨੂੰ ਹੋਣ ਜਾ ਰਹੀ ਗੱਲਬਾਤ ਵਿੱਚ ਕੋਈ ਸਿੱਟਾ ਨਹੀਂ ਨਿਕਲੇਗਾ ਅਤੇ ਅਜਿਹੇ ਵਿੱਚ ਪ੍ਰਦਰਸ਼ਨ ਲੰਬਾ ਚੱਲ ਸਕਦਾ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ (ਦੋਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਅਨੁਸਾਰ ਇਸ ਵਾਰ ਦੀ ਗੱਲਬਾਤ ਵਿੱਚ ਕਿਸਾਨ ਆਗੂ ਇੱਕ ਵਾਰ ਫਿਰ ਸਰਕਾਰ ਤੋਂ ਤਿੰਨਾਂ ਕਾਨੂੰਨ ਵਾਪਸ ਲੈਣ ਦੀ ਮੰਗ ਕਰਨਗੇ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਗੱਲ ਨੂੰ ਨਹੀਂ ਮੰਨੇਗੀ ਤਾਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।
ਇਹ ਵੀ ਦੇਖੋ: ਗੁਰੂ ਦੇ ਸਿੰਘਾਂ ਨੇ ਕਵਿਤਾ ਸੁਣਾ ਕੇ ਦਿੱਤੀ ਸਰਦਾਰਾਂ ਦੀ ਬਹਾਦਰੀ ਉਦਹਾਰਣ, ਤੁਸੀਂ ਵੀ ਜਰੂਰ ਸੁਣੋ