Protesting farmers say won’t take vaccine: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਅੱਜ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਆਪਣੀ ਪ੍ਰਸਤਾਵਿਤ ਟਰੈਕਟਰ ਪਰੇਡ ਕੱਢਣਗੇ । ਸਿੰਘੂ ਬਾਰਡਰ ‘ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਬਾਹਰੀ ਰਿੰਗ ਰੋਡ ‘ਤੇ ਟਰੈਕਟਰ ਪਰੇਡ ਕਰਾਂਗੇ । ਪਰੇਡ ਬਹੁਤ ਸ਼ਾਂਤਮਈ ਹੋਵੇਗੀ। ਗਣਤੰਤਰ ਦਿਵਸ ਪਰੇਡ ਵਿੱਚ ਕੋਈ ਵਿਘਨ ਨਹੀਂ ਹੋਵੇਗਾ। ਕਿਸਾਨ ਆਪਣੇ ਟਰੈਕਟਰਾਂ ‘ਤੇ ਰਾਸ਼ਟਰੀ ਝੰਡਾ ਲਗਾਉਣਗੇ । ਇੰਨਾ ਹੀ ਨਹੀਂ, ਬਹੁਤ ਸਾਰੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਵੈਕਸੀਨ ਨਹੀਂ ਲਗਵਾਉਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹਰਿਆਣਾ ਅਤੇ ਦਿੱਲੀ ਪੁਲਿਸ ਨੂੰ ਸਹਿਯੋਗ ਕਰਨ ਦੀ ਅਪੀਲ ਕਰਨਗੇ । ਸਾਡੇ ਟਰੈਕਟਰ ਮਾਰਚ ਨਾਲ ਕਿਸੇ ਵੀ ਰਾਸ਼ਟਰੀ ਵਿਰਾਸਤ ਥਾਵਾਂ ਜਾਂ ਕਿਸੇ ਹੋਰ ਸਾਈਟ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਪਰੇਡ ਵਿੱਚ ਵਾਹਨਾਂ ਦੀ ਝਾਂਕੀਆਂ ਸ਼ਾਮਿਲ ਹੋਣਗੀਆਂ, ਜੋ ਇਤਿਹਾਸਕ ਖੇਤਰੀ ਅਤੇ ਹੋਰ ਅੰਦੋਲਨਾਂ ਦੇ ਪ੍ਰਦਰਸ਼ਨਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀ ਖੇਤੀਬਾੜੀ ਹਕੀਕਤ ਨੂੰ ਪ੍ਰਦਰਸ਼ਿਤ ਕਰਨਗੀਆਂ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਝੰਡੇ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਿਰੁੱਧ ਭਾਰਤ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਇੱਕ ਦਿਨ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਹ ਤਿੰਨੋਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਪਹਿਲਾਂ ਆਪਣੇ ਵੈਕਸੀਨ ਨਹੀਂ ਲੈਣਗੇ । ਐਤਵਾਰ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ 63 ਸਾਲਾ ਚਮਕੌਰ ਸਿੰਘ ਅਤੇ ਉਸ ਦੇ ਦੋਸਤ 61 ਸਾਲਾ ਦਬਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਟੀਕੇ ਲਗਾਉਣ ਲਈ ਆਪਣੇ ਪਿੰਡ ਨਹੀਂ ਪਰਤਣਗੇ।