ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀਆਂ ਨੂੰ ‘ਫੀਚਰ ਫੋਟੋਗ੍ਰਾਫੀ ਸ਼੍ਰੇਣੀ’ ਵਿੱਚ ਪੁਲਿਤਜ਼ਰ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ‘ਦਿ ਪੁਲਿਤਜ਼ਰ ਪ੍ਰਾਈਜ਼’ ਦੀ ਵੈੱਬਸਾਈਟ ਮੁਤਾਬਕ ਸਿੱਦੀਕੀ ਅਤੇ ਉਸ ਦੇ ਸਾਥੀਆਂ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਅਮਿਤ ਦਵੇ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ, ਜਿਸ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ । ਉਨ੍ਹਾਂ ਨੂੰ ਭਾਰਤ ਵਿੱਚ ਕੋਵਿਡ-19 ਨਾਲ ਸਬੰਧਤ ਤਸਵੀਰਾਂ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਦੀਕੀ ਦਾ ਪਿਛਲੇ ਸਾਲ ਜੁਲਾਈ ਵਿੱਚ ਅਫ਼ਗਾਨਿਸਤਾਨ ਵਿੱਚ ਕਤਲ ਕਰ ਦਿੱਤਾ ਗਿਆ ਸੀ। ਅਫਗਾਨਿਸਤਾਨ ਦੇ ਸਪਿਨ ਬੋਲਦਾਕ ਜ਼ਿਲ੍ਹੇ ਵਿੱਚ ਅਫਗਾਨ ਸੈਨਿਕਾਂ ਅਤੇ ਤਾਲਿਬਾਨ ਵਿਚਾਲੇ ਹੋਈ ਹਿੰਸਕ ਝੜਪ ਦੀਆਂ ਤਸਵੀਰਾਂ ਲੈਂਦੇ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਦੱਸ ਦਈਏ ਕਿ ਸਿੱਦੀਕੀ ਨੂੰ ਦੂਜੀ ਵਾਰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।
ਇਸ ਤੋਂ ਪਹਿਲਾਂ 2018 ਵਿੱਚ ਉਸਨੂੰ ਰਾਇਟਰਜ਼ ਨਾਲ ਕੰਮ ਕਰਦੇ ਹੋਏ ਰੋਹਿੰਗਿਆ ਸ਼ਰਨਾਰਥੀ ਸੰਕਟ ਸਬੰਧੀ ਆਪਣੀਆਂ ਤਸਵੀਰਾਂ ਲਈ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਅਫਗਾਨਿਸਤਾਨ ਅਤੇ ਈਰਾਨ ਦੀਆਂ ਜੰਗਾਂ, ਹਾਂਗਕਾਂਗ ਵਿੱਚ ਪ੍ਰਦਰਸ਼ਨ ਅਤੇ ਨੇਪਾਲ ਵਿੱਚ ਭੂਚਾਲ ਵਰਗੀਆਂ ਮਹੱਤਵਪੂਰਨ ਘਟਨਾਵਾਂ ਦੀਆਂ ਤਸਵੀਰਾਂ ਖਿੱਚੀਆਂ ਸਨ।
ਗੌਰਤਲਬ ਹੈ ਕਿ ਸਾਲ 1912 ਵਿੱਚ ਕੋਲੰਬੀਆ ਯੂਨੀਵਰਸਿਟੀ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਲਿਤਜ਼ਰ ਪੁਰਸਕਾਰ ਦੇਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਸੀ । ਇਸ ਦੀ ਸਥਾਪਨਾ ਹੰਗਰੀ-ਅਮਰੀਕੀ ਫੋਟੋ ਜਰਨਲਿਸਟ ਜੋਸੇਫ ਪੁਲਿਤਜ਼ਰ ਵੱਲੋਂ ਕੀਤੀ ਗਈ ਸੀ। ਪੁਲਿਤਜ਼ਰ ਪੁਰਸਕਾਰ ਪਹਿਲੀ ਵਾਰ 1917 ਵਿੱਚ ਦਿੱਤੇ ਗਏ ਸਨ ।
ਵੀਡੀਓ ਲਈ ਕਲਿੱਕ ਕਰੋ -: