Pulwama encounter: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ । ਪੁਲਵਾਮਾ ਦੇ ਬਾਂਦਜੂ ਖੇਤਰ ਵਿੱਚ ਜਾਰੀ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ । ਹਾਲਾਂਕਿ, CRPF ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਫਿਲਹਾਲ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ ।
ਇਸ ਸਬੰਧੀ ਕਸ਼ਮੀਰ ਜ਼ੋਨ ਦੇ IG ਵਿਜੇ ਕੁਮਾਰ ਨੇ ਦੱਸਿਆ ਕਿ ਮੁੱਠਭੇੜ ਵਿੱਚ ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ । ਇਸ ਤੋਂ ਪਹਿਲਾਂ ਰਿਪੋਰਟਾਂ ਅਨੁਸਾਰ ਪੁਲਿਸ, ਸੈਨਾ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਬਾਂਦਜੂ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਜਿਵੇਂ ਹੀ ਸੁਰੱਖਿਆ ਬਲਾਂ ਨੇ ਸ਼ੱਕੀ ਜਗ੍ਹਾ ਨੂੰ ਘੇਰ ਲਿਆ, ਅੱਤਵਾਦੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ।
ਦੱਸ ਦੇਈਏ ਕਿ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੇ ਹਮਲੇ ਤੋਂ ਅੱਤਵਾਦੀ ਬੌਖਲਾਏ ਹੋਏ ਹਨ । ਜਿਸ ਕਾਰਨ ਉਹ ਸੁਰੱਖਿਆ ਬਲਾਂ ‘ਤੇ ਹਮਲਾ ਕਰ ਰਹੇ ਹਨ । ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵੇਰੀਨਾਗ ਜੰਗਲ ਵਿੱਚ ਮੁੱਠਭੇੜ ਹੋਈ ਸੀ। ਸੁਰੱਖਿਆ ਬਲਾਂ ਨੂੰ ਜੰਗਲ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ।
ਜ਼ਿਕਰਯੋਗ ਹੈ ਕਿ ਪਿਛਲੇ 4 ਮਹੀਨਿਆਂ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਅਤੇ ਅੰਸਾਰ ਗਜਵਤ-ਉਲ-ਹਿੰਦ ਦੇ ਕਈ ਕਮਾਂਡਰ ਮਾਰੇ ਹਨ। ਸੁਰੱਖਿਆ ਬਲ ਲਗਾਤਾਰ ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਨੂੰ ਢੇਰ ਕਰ ਰਹੇ ਹਨ । ਇਸ ਸਾਲ ਹੁਣ ਤੱਕ 100 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ।