Punjab Haryana farmers destroy crop: ਹਰਿਆਣਾ ਵਿੱਚ ਕੁਝ ਦਿਨ ਪਹਿਲਾਂ ਆਯੋਜਿਤ ਇੱਕ ਮਹਾਂ ਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਫਸਲ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਲਈ ਕਿਹਾ ਸੀ। ਟਿਕੈਤ ਦੀ ਇਸ ਅਪੀਲ ‘ਤੇ ਪੰਜਾਬ ਅਤੇ ਹਰਿਆਣਾ ਦੇ ਕੁਝ ਕਿਸਾਨਾਂ ਨੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਤਿਆਰ ਖੜ੍ਹੀਆਂ ਫਸਲਾਂ ‘ਤੇ ਟਰੈਕਟਰ ਚਲਾ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਦਿਨ ਚੜ੍ਹਦੇ ਹੀ ਕਿਸਾਨ ਆਪਣਾ ਟਰੈਕਟਰ ਲੈ ਕੇ ਖੇਤ ਵਿੱਚ ਜਾ ਪਹੁੰਚੇ ਤੇ ਆਪਣੀ ਕਣਕ ਦੀ ਫਸਲ ਨੂੰ ਨਸ਼ਟ ਕਰਨ ਲੱਗ ਗਏ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ।
ਦਰਅਸਲ, ਹਰਿਆਣਾ ਦੇ ਅੰਬਾਲਾ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਟਰੈਕਟਰ ਨਾਲ ਨਸ਼ਟ ਕਰ ਦਿੱਤਾ । ਇਸ ਬਾਰੇ ਜਾਣਕਾਰੀ ਮਿਲਣ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਲਾਬ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨ ਨੂੰ ਸਮਝਾਇਆ ਕਿ ਉਹ ਆਪਣੀ ਫਸਲ ਬਰਬਾਦ ਨਾ ਕਰੇ ਬਲਕਿ ਕਿਸੇ ਗਰੀਬ ਜਾਂ ਲੋੜਵੰਦ ਨੂੰ ਦਾਨ ਕਰ ਦਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸਾਨ ਆਪਣੇ ਖੇਤ ਵਿੱਚ ਖੜ੍ਹੀ ਫਸਲ ਨੂੰ ਟਰੈਕਟਰ ਨਾਲ ਤਬਾਹ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚ ਕੇ ਕਿਸਾਨ ਨੂੰ ਸਮਝਾਇਆ ਅਤੇ ਉਸ ਨੂੰ ਫਸਲ ਬਰਬਾਦ ਕਰਨ ਤੋਂ ਰੋਕਿਆ। ਕਿਸਾਨ ਆਗੂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲ ਨੂੰ ਖਤਮ ਕਰਨ ਦਾ ਅਜੇ ਸਮਾਂ ਨਹੀਂ ਆਇਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਜਿਸ ਫਸਲ ਨੂੰ ਅਸੀਂ ਬੱਚਿਆਂ ਦੀ ਤਰ੍ਹਾਂ ਪਾਲਦੇ ਹਾਂ ਉਸ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਦੇਸ਼ ਵਿੱਚ ਪਹਿਲਾਂ ਹੀ ਭੁੱਖਮਰੀ ਦੀ ਸਮੱਸਿਆ ਹੈ। ਕਿਸਾਨਾਂ ਨੂੰ ਆਪਣੀ ਫਸਲ ਬਰਬਾਦ ਕਰਨ ਦੀ ਬਜਾਏ ਕਿਸੇ ਲੋੜਵੰਦ ਨੂੰ ਦੇਣਾ ਚਾਹੀਦਾ ਹੈ ਜਾਂ ਆਪਣੀ ਫਸਲ ਨੂੰ ਕਿਸਾਨ ਅੰਦੋਲਨ ਲਈ ਦਾਨ ਕਰਨਾ ਚਾਹੀਦਾ ਹੈ। ਹਾਲਾਂਕਿ, ਜਦੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਰਾਕੇਸ਼ ਟਿਕੈਤ ਨੇ ਖ਼ੁਦ ਫ਼ਸਲਾਂ ਨੂੰ ਨਾ ਖਤਮ ਕਰਨ ਦੀ ਅਪੀਲ ਕੀਤੀ।
ਦੱਸ ਦੇਈਏ ਕਿ ਪੰਜਾਬ ਦੇ ਮੁਕਤਸਰ ਵਿੱਚ ਵੀ ਇੱਕ ਕਿਸਾਨ ਗੁਰਪ੍ਰੀਤ ਸਿੰਘ ਨੇ 6 ਏਕੜ ਕਣਕ ਦੀ ਫਸਲ ਵਿੱਚੋਂ 3 ਏਕੜ ਵਿੱਚ ਟਰੈਕਟਰ ਚਲਾ ਦਿੱਤਾ । ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਦੇ ਤਿੰਨ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨ ਹੋਰ ਵੀ ਵੱਡਾ ਸੰਘਰਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਹਾਂ ਅਤੇ ਭਵਿੱਖ ਵਿੱਚ ਕਿਸਾਨ ਯੂਨੀਅਨ ਇਸ ਬਾਰੇ ਫੈਸਲਾ ਲਵੇਗੀ ।
ਇਹ ਵੀ ਦੇਖੋ: Sardool Sikander ਦੇ ਘਰ ਪਹੁੰਚ ਭੁੱਬਾਂ ਮਾਰ ਰੋਏ ਸਾਥੀ ਗਾਇਕ ਤੇ ਦੋਸਤ, ਵੇਖੋ ਮੌਕੇ ਤੋ Live ਤਸਵੀਰਾਂ