Rahul gandhi in assam rally : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਚੋਣ ਪ੍ਰਚਾਰ ਲਈ ਦੋ ਦਿਨਾਂ ਲਈ ਅਸਾਮ ਪਹੁੰਚੇ ਹਨ। ਰਾਹੁਲ ਨੇ ਜੋਰਹਾਟ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਆਸਾਮ ਦੇ ਲੋਕਾਂ ਲਈ, ਪੰਜ ਗਾਰੰਟੀਸ਼ੁਦਾ ਕੰਮਾਂ ਦਾ ਵੀ ਕਾਂਗਰਸ ਦੁਆਰਾ ਜ਼ਿਕਰ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਰਾਜ ਵਿੱਚ ਔਰਤਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਰਾਜ ਵਿੱਚ ਪੰਜ ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਹਮ ਦੋ ਹਮਾਰੇ ਦੋ ਲਈ ਹੀ ਕੰਮ ਕਰ ਰਹੀ ਹੈ। ਗਰੀਬਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਬਾਰੇ ਨਹੀਂ ਸੋਚਿਆ ਜਾ ਰਿਹਾ। ਵਧਦੀਆਂ ਕੀਮਤਾਂ ਨੂੰ ਵੇਖਦਿਆਂ ਰਾਹੁਲ ਨੇ ਕਿਹਾ ਕਿ ਤੁਹਾਡੀ ਜੇਬ ਵਿੱਚੋਂ ਪੈਸਾ ਕੱਢ ਕੇ ਸਰਮਾਏਦਾਰਾਂ ਦੀ ਜੇਬ ਭਰੀ ਜਾ ਰਹੀ ਹੈ। ਮੋਦੀ ਸਰਕਾਰ ਇਹੀ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਵਿੱਚ ਸੀਏਏ ਨਹੀਂ ਆਵੇਗਾ। ਅਸੀਂ ਇਸ ਨੂੰ ਨਾ ਤਾਂ ਅਸਾਮ ਅਤੇ ਨਾ ਹੀ ਦੇਸ਼ ਵਿੱਚ ਲਾਗੂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹ ਮਜ਼ਦੂਰਾਂ ਨੂੰ 365 ਰੁਪਏ ਦੇਵਾਂਗੇ। ਇਹ ਮੋਦੀ ਸਰਕਾਰ ਦੇ ਸਮੇਂ 165 ਹੀ ਮਿਲਦਾ ਹੈ। ਤੀਜੀ ਗਰੰਟੀ, ਹਰ ਪਰਿਵਾਰ ਨੂੰ ਦੋ ਸੌ ਯੂਨਿਟ ਬਿਜਲੀ ਮੁਫਤ ਮਿਲੇਗੀ। ਚੌਥੀ ਗਰੰਟੀ ਔਰਤਾਂ ਨੂੰ ਹਰ ਮਹੀਨੇ ਦੋ ਹਜ਼ਾਰ ਰੁਪਏ ਦਿੱਤੇ ਜਾਣਗੇ। ਕਾਂਗਰਸ ਆਸਾਮ ਵਿੱਚ ਪੰਜ ਲੱਖ ਨੌਕਰੀਆਂ ਦੇਵੇਗੀ। ਅਸਾਮ ਵਿਚਲੀਆਂ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ, ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਅਸਾਮ ‘ਚ ਵਾਪਿਸ ਆਵੇਗੀ ਅਤੇ ਰਾਜ ਵਿੱਚ ਸ਼ਾਂਤੀ ਹੋਵੇਗੀ ਅਤੇ ਅਸਾਮ ਵਿਕਾਸ ਦੇ ਰਾਹ ਤੇ ਵਾਪਿਸ ਆਵੇਗਾ।