Rahul gandhi letter to pm modi : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਦਾ ਪਤਾ ਲਗਾਉਣ ਦੇ ਵਿਗਿਆਨਕ ਤਰੀਕਿਆਂ ਦੇ ਨਾਲ ਪੂਰੀ ਦੁਨੀਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦੀ ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਸਰਕਾਰ ਦੀ ‘ਅਸਫਲਤਾ’ ਕਾਰਨ ਦੇਸ਼ ਇੱਕ ਵਾਰ ਫਿਰ ਕੌਮੀ ਪੱਧਰ ਦੀ ਤਾਲਾਬੰਦੀ ਦੇ ਰਾਹ ਪੈ ਗਿਆ ਹੈ ਅਤੇ ਇਸ ਤਰ੍ਹਾਂ ਗ਼ਰੀਬਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਪਿਛਲੇ ਸਾਲ ਵਾਂਗ ਹੀ ਉਨ੍ਹਾਂ ਨੂੰ ਦੁੱਖ ਨਾ ਝੱਲਣੇ ਪੈਣ। ਪੱਤਰ ਵਿੱਚ ਰਾਹੁਲ ਗਾਂਧੀ ਨੇ ਕਿਹਾ, “ਮੈਂ ਇੱਕ ਵਾਰ ਫਿਰ ਤੁਹਾਨੂੰ ਇੱਕ ਪੱਤਰ ਲਿਖਣ ਲਈ ਮਜਬੂਰ ਹਾਂ ਕਿਉਂਕਿ ਸਾਡਾ ਦੇਸ਼ ਕੋਵਿਡ ਸੁਨਾਮੀ ਦੀ ਪਕੜ ਵਿੱਚ ਹੈ। ਅਜਿਹੇ ਅਚਾਨਕ ਸੰਕਟ ਵਿੱਚ ਭਾਰਤ ਦੇ ਲੋਕ ਤੁਹਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੇ ਹਨ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਇਸ ਦੇਸ਼ ਦੇ ਲੋਕਾਂ ਨੂੰ ਇਸ ਦੁੱਖ ਤੋਂ ਬਚਾਉਣ ਲਈ ਜੋ ਵੀ ਸੰਭਵ ਹੋ ਸਕੇ, ਉਹ ਕਰੋ।”
ਉਨ੍ਹਾਂ ਨੇ ਕਿਹਾ, “ਦੁਨੀਆ ਦੇ ਹਰ ਛੇ ਲੋਕਾਂ ਵਿੱਚੋਂ ਇੱਕ ਭਾਰਤੀ ਹੈ। ਇਸ ਮਹਾਂਮਾਰੀ ਤੋਂ ਹੁਣ ਇਹੀ ਪਤਾ ਲੱਗਿਆ ਹੈ ਕਿ ਸਾਡਾ ਆਕਾਰ, ਜੈਨੇਟਿਕ ਵਿਭਿੰਨਤਾ ਅਤੇ ਗੁੰਝਲਤਾ ਭਾਰਤ ਵਿੱਚ ਵਾਇਰਸ ਨੂੰ ਆਪਣੀ ਦਿੱਖ ਬਦਲਣ ਅਤੇ ਵਧੇਰੇ ਖ਼ਤਰਨਾਕ ਬਣਨ ਲਈ ਬਹੁਤ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੀ ਹੈ। ਮੈਂ ਡਰਦਾ ਹਾਂ ਕਿ ‘ਡਬਲ ਮਿਊਟੇਟ’ ਅਤੇ ‘ਟ੍ਰਿਪਲ ਮਿਊਟੇਟ’ ਜੋ ਅਸੀਂ ਦੇਖ ਰਹੇ ਹਾਂ ਸ਼ਾਇਦ ਸ਼ੁਰੂਆਤ ਹੋ ਸਕਦੀ ਹੈ।” ਉਨ੍ਹਾਂ ਦੇ ਅਨੁਸਾਰ, ਬੇਕਾਬੂ ਢੰਗ ਨਾਲ ਇਸ ਵਾਇਰਸ ਦਾ ਫੈਲਣਾ ਨਾ ਸਿਰਫ ਸਾਡੇ ਦੇਸ਼ ਦੇ ਲੋਕਾਂ ਲਈ, ਬਲਕਿ ਪੂਰੀ ਦੁਨੀਆ ਲਈ ਘਾਤਕ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੁਝਾਅ ਦਿੱਤਾ, “ਵਿਗਿਆਨਕ ਢੰਗ ਨਾਲ ਵਾਇਰਸ ਅਤੇ ਇਸ ਦੇ ਵੱਖ ਵੱਖ ਰੂਪਾਂ ਬਾਰੇ ਪਤਾ ਲਗਾਇਆ ਜਾਵੇ। ਸਾਰੇ ਨਵੇਂ ਪਰਿਵਰਤਨ ਵਿਰੁੱਧ ਟੀਕਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇ। ਸਾਰੇ ਲੋਕਾਂ ਨੂੰ ਜਲਦੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਪਾਰਦਰਸ਼ੀ ਬਣਿਆ ਜਾਵੇ ਅਤੇ ਬਾਕੀ ਦੁਨੀਆਂ ਨੂੰ ਸਾਡੀ ਖੋਜਾਂ ਬਾਰੇ ਦੱਸਿਆ ਜਾਵੇ।”
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੋਲ ਕੋਵਿਡ ਵਿਰੁੱਧ ਟੀਕਾਕਰਨ ਨੂੰ ਲੈ ਕੇ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ ਅਤੇ ਸਰਕਾਰ ਨੇ ਉਸੇ ਸਮੇਂ ਮਹਾਂਮਾਰੀ ਉੱਤੇ ਜਿੱਤ ਦਾ ਐਲਾਨ ਕੀਤਾ ਜਦੋਂ ਵਾਇਰਸ ਫੈਲ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨਾਕਾਮੀ ਕਾਰਨ ਅੱਜ ਕੌਮੀ ਪੱਧਰ ’ਤੇ ਤਾਲਾਬੰਦੀ ਅਟੱਲ ਲੱਗਦੀ ਹੈ। ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਥਿਤੀ ਦੇ ਮੱਦੇਨਜ਼ਰ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵਿੱਤੀ ਮਦਦ ਅਤੇ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਤਾਲਾਬੰਦ ਹੋਣ ਦੇ ਬਾਵਜੂਦ ਉਨ੍ਹਾਂ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਦਾ ਗਰੀਬਾਂ ਨੂੰ ਪਿਛਲੇ ਸਾਲ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਸ ਸੰਕਟ ਵਿੱਚ ਵੱਖ-ਵੱਖ ਪੱਖਾਂ ਨੂੰ ਵਿਸ਼ਵਾਸ ‘ਚ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਮਿਲ ਕੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਸਕੇ।