ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 50 ਸਾਲਾਂ ਤੋਂ ਇੰਡੀਆ ਗੇਟ ਦੀ ਪਛਾਣ ਬਣ ਚੁੱਕੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇਥੋਂ ਸ਼ਿਫਟ ਕੀਤਾ ਜਾ ਰਿਹਾ ਹੈ। ਹੁਣ ਇਹ ਜੋਤੀ ਇੰਡੀਆ ਗੇਟ ਦੀ ਜਗ੍ਹਾ ਨੈਸ਼ਨਲ ਵਾਰ ਮੈਮੋਰੀਅਲ ‘ਤੇ ਜਲੇਗੀ। ਭਾਰਤ ਸਰਕਾਰ ਨੇ ਪਾਕਿਸਤਾਨ ਨਾਲ 1971 ਦੀ ਜੰਗ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਅਮਰ ਜਵਾਨ ਜੋਤੀ ਨੂੰ ਰਾਸ਼ਟਰੀ ਜੰਗੀ ਯਾਦਗਾਰ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦੇ ਇਸ ਫੈਸਲੇ ‘ਤੇ ਸਵਾਲ ਚੁੱਕਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਬਹਾਦਰ ਜਵਾਨਾਂ ਲਈ ਜੋ ਅਮਰ ਜੋਤੀ ਜਲਦੀ ਸੀ, ਉਸਨੂੰ ਅੱਜ ਬੁਝਾ ਦਿੱਤਾ ਜਾਵੇਗਾ । ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ, ਕੋਈ ਗੱਲ ਨਹੀਂ। ਅਸੀਂ ਆਪਣੇ ਫੌਜੀਆਂ ਲਈ ਅਮਰ ਜਵਾਨ ਜੋਤੀ ਨੂੰ ਇੱਕ ਵਾਰ ਫਿਰ ਜਲਾਵਾਂਗੇ !
1972 ਵਿੱਚ ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਦਾ ਨਿਰਮਾਣ ਹੋਇਆ ਸੀ। ਇਸਦਾ ਨਿਰਮਾਣ 1971 ਵਿੱਚ ਹੋਏ ਭਾਰਤ-ਪਾਕਿਸਤਾਨ ਯੁੱਧ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਜਵਾਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ । ਇਸ ਯੁੱਧ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਨੂੰ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਦੇ ਰੂਪ ਵਿੱਚ ਜਲਣ ਵਾਲੀ ਅੱਗ ਦੀ ਲੌ ਦਾ ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਯੁੱਧ ਸਮਾਰਕ ‘ਤੇ ਜਲਣ ਵਾਲੀ ਲੌ ਵਿੱਚ ਮਿਲਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਅਮਰ ਜਵਾਨ ਜੋਤੀ ਸਮਾਰਕ ਦੇ ਉੱਪਰ ਇੱਕ ਉਲਟੀ ਬੰਦੂਕ ਅਤੇ ਇੱਕ ਹੈਲਮੇਟ ਬਣਿਆ ਹੋਇਆ ਹੈ, ਜਿਸ ਦੇ ਅੱਗੇ ਕਦੇ ਵੀ ਨਾ ਬੁਝਣ ਵਾਲੀ ਅੱਗ ਦੀ ਲੌ ਜਲ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ ਸੀ, ਤਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਅਮਰ ਜਵਾਨ ਜੋਤੀ ਦੀ ਮੂਲ ਲੌ ਇੱਥੇ ਜਲਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: