Rahul Gandhi on covid crisis: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਦੇ ਮੱਦੇਨਜ਼ਰ ਬਹੁਤ ਸਾਰੇ ਰਾਜਾਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਵਿਚਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੂਰੇ ਦੇਸ਼ ਵਿੱਚ ਮੁਕੰਮਲ ਲਾਕਡਾਊਨ ਲਗਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਨੂੰ ਰੋਕਣ ਲਈ ਹੁਣ ਸਿਰਫ ਇੱਕ ਹੀ ਰਸਤਾ ਬਚਿਆ ਹੈ ਅਤੇ ਉਹ ਹੈ ਮੁਕੰਮਲ ਲਾਕਡਾਊਨ । ਰਾਹੁਲ ਗਾਂਧੀ ਦਾ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2 ਕਰੋੜ ਨੂੰ ਪਾਰ ਕਰ ਗਈ ਹੈ ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਇਸ ਸਮੇਂ ਕੋਰੋਨਾ ਨਾਲ ਨਜਿੱਠਣ ਲਈ ਸੰਪੂਰਨ ਲਾਕਡਾਊਨ ਲਗਾਉਣਾ ਹੀ ਇੱਕੋ-ਇੱਕ ਹੱਲ ਹੈ ਅਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।” ਉਨ੍ਹਾਂ ਅੱਗੇ ਲਿਖਿਆ, “ਸਮਾਜ ਦੇ ਕੁਝ ਵਰਗਾਂ ਨੂੰ ਨਿਆਂ ਯੋਜਨਾ ਦਾ ਲਾਭ ਦੇ ਕੇ ਸੰਪੂਰਨ ਲਾਕਡਾਊਨ ਲਗਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਸਮਾਂ ਰਹਿੰਦਿਆਂ ਬਚਾਈਆਂ ਜਾ ਸਕਣ।” ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੂੰ ਆਪਣੇ ਸੁਝਾਅ ਦਿੰਦੇ ਆਏ ਹਨ ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਇੱਕ ਵਾਰ ਕਿਹਾ ਸੀ ਕਿ ਲਾਕਡਾਊਨ ਸਿਰਫ ਕੋਰੋਨਾ ਸੰਕ੍ਰਮਣ ਨੂੰ ਕੁਝ ਸਮੇਂ ਲਈ ਰੋਕਣ ਵਿੱਚ ਮਦਦ ਕਰਦਾ ਹੈ, ਉਸਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦਾ। ਹਾਲਾਂਕਿ, ਇਸ ਵਾਰ ਉਨ੍ਹਾਂ ਨੇ ਖੁਦ ਅੱਗੇ ਵੱਧ ਕੇ ਸੰਪੂਰਨ ਲਾਕਡਾਊਨ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 3,57,229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 3449 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਹਾਲਾਂਕਿ, 3,20,289 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਵਿਚ 368,060 ਨਵੇਂ ਕੇਸ ਸਾਹਮਣੇ ਆਏ ਸਨ ।