ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘ ਰਹੀ ਹੈ। ਅੱਜ ਇਹ ਯਾਤਰਾ ਬੁਲੰਦਸ਼ਹਿਰ, ਅਲੀਗੜ੍ਹ, ਹਾਥਰਸ ਹੁੰਦੇ ਹੋਏ ਤਾਜ ਨਗਰੀ ਆਗਰਾ ਪਹੁੰਚੇਗੀ ਜਿਥੇ ਇਸ ਯਾਤਰਾ ਵਿਚ ਇੰਡੀਆ ਬਲਾਕ ਦੇ ਸਹਿਯੋਗੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਸ਼ਾਮਲ ਹੋਣਗੇ। ਆਗਰਾ ਪਹੁੰਚਣ ਤੋਂ ਪਹਿਲਾਂ ਅਲੀਗੜ੍ਹ ਵਿਚ ਰਾਹੁਲ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਰੋਡ ਸ਼ੋਅ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ। ਆਗਰਾ ਦੇ ਬਾਅਦ ਇਹ ਯਾਤਰਾ ਰਾਜਸਥਾਨ ਦੇ ਧੌਲਪੁਰ ਵਿਚ ਐਂਟਰੀ ਕਰੇਗੀ।
ਰਾਹੁਲ ਗਾਂਧੀ ਨੇ ਯਾਤਰਾ ਵਿਚ ਸ਼ਾਮਲ ਹੋਏ ਵਰਕਰਾਂ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਸਾਲ ਪਹਿਲਾਂ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਇਕ ਯਾਤਰਾ ਸ਼ੁਰੂ ਕੀਤੀ ਕਿਉਂਕਿ ਇਕ ਪਾਰਟੀ ਦੇ ਵਰਕਰ ਲੋਕਾਂ ਨੂੰ ਇਕ-ਦੂਜੇ ਦਾ ਲੜਾਉਣ ਦਾ ਕੰਮ ਕਰ ਰਹੇ ਹਨ। ਲੋਕਾਂ ਨੂੰ ਡਰਾ-ਧਮਕਾ ਕੇ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ। ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜਦੋਂ ਪਰਿਵਾਰ ਵਿਚ ਲੜਾਈ ਹੁੰਦੀ ਹੈ ਤਾਂ ਪਰਿਵਾਰ ਕਮਜ਼ੋਰ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਦੇਸ਼ ਨੂੰ ਕਮਜ਼ੋਰ ਕਰਦਾ ਹੈ ਤਾਂ ਇਕ ਦੇਸ਼ਭਗਤ ਦੇਸ਼ ਨੂੰ ਬਚਾਉਂਦਾ ਹੈ। ਨਫਰਤ ਤੇ ਹਿੰਸਾ ਨੂੰ ਮਿਟਾਉਣਾ ਹੈ। ਦੇਸ਼ ਵਿਚ ਵਧਦੀ ਨਫਰਤ ਦਾ ਕਾਰਨ ਅਨਿਆਂ ਹੈ। ਹਿੰਦੋਸਤਾਨ ਵਿਚ ਗਰੀਬਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨਾਲ ਅਨਿਆਂ ਹੋ ਰਿਹਾ ਹੈ। ਇਸੇ ਖਿਲਾਫ ਅਸੀਂ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕੀਤੀ ਹੈ।
ਕਾਂਗਰਸ ਨੇਤਾ ਨੇ ਪੇਪਰ ਲੀਕ ਮਾਮਲੇ ‘ਤੇ ਬੋਲਦੇ ਹੋਏ ਕਿਹਾ ਕਿ ਤੁਸੀਂ ਪੜ੍ਹਾਈ ਕਰਦੇ ਹੋ, ਪ੍ਰਾਈਵੇਟ ਟਿਊਸ਼ਨ ਲੈਂਦੇ ਹੋ। ਫਿਰ ਜਦੋਂ ਪ੍ਰੀਖਿਆ ਦੇਣ ਜਾਂਦੇ ਹੋ ਤਾਂ ਪਤਾ ਲੱਗਦਾ ਹੈ ਕਿ ਪੇਪਰ ਲੀਕ ਹੋ ਚੁੱਕਾ ਹੈ। ਸਰਕਾਰ ਦਾ ਟੀਚਾ ਹੈ ਕਿ ਸਰਕਾਰੀ ਨੌਕਰੀ ਮੰਗਣ ਵਾਲਿਆਂ ਦਾ ਸਮਾਂ ਬਰਬਾਦ ਕਰ ਦਿਓ ਕਿਉਂਕਿ ਇਹ ਤੁਹਾਨੂੰ ਰੋਜ਼ਗਾਰ ਨਹੀਂ ਦੇਣਾ ਚਾਹੁੰਦੇ। ਪੂਰਾ ਦੇਸ਼ ਦਾ ਪੈਸਾ ਵਪਾਰੀਆਂ ਨੂੰ ਸੌਂਪਿਆ ਜਾ ਰਿਹਾ ਹੈ। ਅਜਿਹੇ ਵਿਚ ਰੋਜ਼ਗਾਰ ਕਿਵੇਂ ਮਿਲੇਗਾ ਕਿਉਂਕਿ ਸਰਕਾਰ ਨੇ ਨੋਟਬੰਦੀ ਤੇ ਜੀਐੱਸਟੀ ਲਗਾ ਕੇ ਛੋਟੇ ਵਪਾਰੀਆਂ ਤੇ ਉਦਯੋਗ-ਧੰਦਿਆਂ ਨੂੰ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ‘ਸਿਆਸਤ 9 ਤੋਂ 5 ਦੀ ਨਹੀਂ, 24 ਘੰਟਿਆਂ ਦੀ ਡਿਊਟੀ ਏ’- CM ਮਾਨ ਦਾ MP ਸੰਨੀ ਦਿਓਲ ‘ਤੇ ਨਿਸ਼ਾਨਾ
ਅਖੀਰ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਵੱਡੇ-ਵੱਡੇ ਉਦਯੋਗਪਤੀ ਚੀਨ ਦਾ ਸਾਮਾਨ ਵੇਚ ਰਹੇ ਹਨ। ਇਸ ਨਾਲ ਚੀਨ ਤੇ ਉਸ ਦੇ ਨੌਜਵਾਨਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਹਿੰਦੋਸਤਾਨ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਇਸ ਲਈ ਮੈਂ ਚਾਹੁੰਦਾ ਹਾਂ ਕਿ ਇਕ ਅਜਿਹਾ ਸਮਾਂ ਆਏ ਜਦੋਂ ਹਿੰਦੋਸਤਾਨ ਦੇ ਨੌਜਵਾਨ ਆਪਣੇ ਦੇਸ਼ ਵਿਚ ਸਾਮਾਨ ਬਣਾਉਣ, ਜਿਸ ਨੂੰ ਚੀਨ ਦੇ ਲੋਕ ਇਸਤੇਮਾਲ ਕਰਨ।