ਫੌਜ ਵਿੱਚ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਅਗਨੀਪਥ ਯੋਜਨਾ’ ਖਿਲਾਫ਼ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਵਿਰੋਧੀ ਪਾਰਟੀਆਂ ਵੱਲੋਂ ਵੀ ਪੀਐੱਮ ਮੋਦੀ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਇਸ ਯੋਜਨਾ ਨੂੰ ਲੈ ਕੇ ਤੰਜ ਕਸਿਆ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ, ਇਸ ਨਾਲ ਪ੍ਰਧਾਨ ਮੰਤਰੀ ਨੂੰ ਕੋਈ ਮਤਲਬ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਸੁਣਾਈ ਨਹੀਂ ਦਿੰਦਾ।
ਇਸ ਸਬੰਧੀ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ ਪ੍ਰਧਾਨ ਮੰਤਰੀ ਜੀ, ਇਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ਅਗਨੀ ਪ੍ਰੀਖਿਆ ਨਾ ਲਓ। ਇੱਥੇ ਹੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਨੂੰ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਫੌਜ ਦੇ ਤਿੰਨਾਂ ਅੰਗਾਂ ਵਿੱਚ ਭਰਤੀ ਲਈ ਲਿਆਂਦੀ ਗਈ ਨਵੀਂ ‘ਅਗਨੀਪਥ ਸਕੀਮ’ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਅਗਨੀਪਥ ਨੂੰ ਨੌਜਵਾਨਾਂ ਨੇ ਨਕਾਰਿਆ, ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥਸ਼ਾਸਤਰੀਆਂ ਨੇ ਨਕਾਰਿਆ, ਜੀਐਸਟੀ ਨੂੰ ਵਪਾਰੀਆਂ ਨੇ ਨਕਾਰਿਆ । ਪ੍ਰਧਾਨ ਮੰਤਰੀ ਸਮਝ ਨਹੀਂ ਰਹੇ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ‘ਦੋਸਤਾਂ’ ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਸੁਣਦਾ।”
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ,”ਨਾ ਕੋਈ ਰੈਂਕ, ਨਾ ਕੋਈ ਪੈਨਸ਼ਨ, ਨਾ 2 ਸਾਲਾਂ ਤੋਂ ਕੋਈ ਸਿੱਧੀ ਭਰਤੀ, ਨਾ 4 ਸਾਲ ਤੋਂ ਬਾਅਦ ਕੋਈ ਭਵਿੱਖ, ਨਾ ਸਰਕਾਰ ਦਾ ਫੌਜ ਪ੍ਰਤੀ ਸਨਮਾਨ, ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਇਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ਅਗਨੀ ਪ੍ਰੀਖਿਆ ਨਾ ਲਾਓ, ਪ੍ਰਧਾਨ ਮੰਤਰੀ ਜੀ!”
ਉੱਥੇ ਹੀ ਦੂਜੇ ਪਾਸੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ,”24 ਘੰਟੇ ਵੀ ਨਹੀਂ ਹੋਏ ਹਨ ਕਿ ਭਾਜਪਾ ਸਰਕਾਰ ਨੂੰ ਨਵੀਂ ਫੌਜ ਦੀ ਭਰਤੀ ਦੇ ਨਿਯਮਾਂ ਨੂੰ ਬਦਲਣਾ ਪਿਆ। ਮਤਲਬ ਇਹ ਸਕੀਮ ਜਲਦਬਾਜ਼ੀ ਵਿੱਚ ਨੌਜਵਾਨਾਂ ‘ਤੇ ਥੋਪੀ ਜਾ ਰਹੀ ਹੈ।” ਉਨ੍ਹਾਂ ਕਿਹਾ, “ਨਰਿੰਦਰ ਮੋਦੀ ਜੀ, ਇਸ ਸਕੀਮ ਨੂੰ ਤੁਰੰਤ ਵਾਪਸ ਲਓ, ਹਵਾਈ ਫੌਜ ਦੀਆਂ ਰੁਕੀਆਂ ਹੋਈਆਂ ਭਰਤੀਆਂ ਵਿੱਚ ਨਿਯੁਕਤੀਆਂ ਕਰੋ ਅਤੇ ਨਤੀਜੇ ਦਿਓ। ਪਹਿਲਾਂ ਵਾਂਗ ਹੀ ਫੌਜ ਦੀ ਭਰਤੀ ਕਰੋ।”
ਵੀਡੀਓ ਲਈ ਕਲਿੱਕ ਕਰੋ -: