ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ।
ਟਵੀਟ ਕਰ ਉਨ੍ਹਾਂ ਨੇ ਲਿਖਿਆ ਹੈ ਕਿ, “ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅੱਜ ਵੀ ਬਰਕਰਾਰ ਹੈ, ਪਰ ਸ਼ੋਸ਼ਣਕਾਰੀ ਸਰਕਾਰ ਨੂੰ ਇਹ ਪਸੰਦ ਨਹੀਂ ਹੈ। ਇਸੇ ਲਈ #ਅੱਜ ਭਾਰਤਬੰਦ_ਹੈ।” ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਉਹ ਸਾਰੀਆਂ ਰਾਸ਼ਟਰੀ ਅਤੇ ਸੂਬਾਈ ਸੜਕਾਂ ਨੂੰ ਬੰਦ ਕਰਨਗੇ। ਕਿਸਾਨ ਪਿਛਲੇ 10 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਕਾਨੂੰਨ ਵਾਪਿਸ ਨਾ ਲਏ ਗਏ ਤਾਂ ਜਿੱਥੇ ਚੋਣਾਂ ਹੋਣਗੀਆਂ, ਉਹ ਸਰਕਾਰ ਦੇ ਵਿਰੁੱਧ ਪ੍ਰਚਾਰ ਕਰਨਗੇ। ਪੰਜਾਬ ਵਿੱਚ ਵੀ BJP ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਬੰਦ ਦਾ ਸਮਰਥਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਨਰਿੰਦਰ ਤੋਮਰ ਨੇ ਫਿਰ ਦੁਹਰਾਇਆ ਗੱਲਬਾਤ ਦਾ ਰਾਗ ਤਾਂ ਟਿਕੈਤ ਨੇ ਕਿਹਾ – ‘ਖੇਤੀਬਾੜੀ ਮੰਤਰੀ ਰੱਟੂ ਨੇ’
ਉੱਥੇ ਹੀ ਬਿਹਾਰ ਵਿੱਚ ਰਾਜਦ, ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਇਸ ਦੇ ਤਹਿਤ ਐਨਡੀਏ ਅਤੇ ਖੱਬੀਆਂ ਪਾਰਟੀਆਂ ਦੇ ਵਰਕਰ ਸਵੇਰ ਤੋਂ ਹੀ ਸੜਕਾਂ ‘ਤੇ ਉਤਰ ਆਏ ਹਨ। ਕਿਸਾਨਾਂ ਦੇ ਭਾਰਤ ਬੰਦ ਦਾ ਪ੍ਰਭਾਵ ਮੁੰਬਈ-ਅਹਿਮਦਾਬਾਦ ਹਾਈਵੇ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਭਾਰਤ ਬੰਦ ਦੌਰਾਨ ਛੋਟ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਦੇ ਸਹਿਯੋਗ ਨਾਲ ਦੁੱਧ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਲੰਘ ਰਹੀਆਂ ਹਨ।