Raigad building collapse: ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 15 ਹੋ ਗਈ ਹੈ। ਇਨ੍ਹਾਂ ਵਿੱਚ 7 ਆਦਮੀ ਅਤੇ 8 ਔਰਤਾਂ ਸ਼ਾਮਿਲ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਬੇ ਵਿੱਚ ਹੁਣ ਕਿਸੇ ਹੋਰ ਦੇ ਦੱਬੇ ਹੋਣ ਦੀ ਸੰਭਾਵਨਾ ਨਹੀਂ ਹੈ। ਰਾਏਗੜ੍ਹ ਦੇ ਪੁਲਿਸ ਸੁਪਰਡੈਂਟ ਅਨਿਲ ਪਾਰਸਕਰ ਨੇ ਦੱਸਿਆ ਕਿ “ਬੁੱਧਵਾਰ ਤੜਕੇ 70 ਸਾਲਾਂ ਆਦਮੀ ਅਤੇ 60 ਸਾਲਾਂ ਔਰਤ ਦੀ ਲਾਸ਼ ਕੱਢੀ ਗਈ। ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 15 ਹੋ ਗਈ।”
ਮੁੰਬਈ ਤੋਂ ਲਗਭਗ 170 ਕਿਲੋਮੀਟਰ ਦੂਰ ਸਥਿਤ ਮਹਾਡ ਕਸਬੇ ਵਿੱਚ ਸੋਮਵਾਰ ਦੇਰ ਸ਼ਾਮ ‘ਤਾਰਿਕ ਗਾਰਡਨ’ ਨਾਮੀ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਪੁਲਿਸ ਬਚਾਅ ਟੀਮਾਂ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣ ਦੇ ਕੰਮ ਵਿਚ ਜੁਟੀਆਂ ਹੋਈਆਂ ਹਨ। ਪਾਰਸਕਰ ਨੇ ਕਿਹਾ ਕਿ “ਹਾਲਾਂਕਿ ਕਿਸੇ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਨਹੀਂ ਹੈ, ਪਰ ਭਾਲ ਅਤੇ ਬਚਾਅ ਕਾਰਜ ਜਾਰੀ ਹਨ।” ਮਲਬੇ ਨੂੰ ਹਟਾਇਆ ਜਾ ਰਿਹਾ ਹੈ।” ਮੰਗਲਵਾਰ ਨੂੰ ਇੱਕ ਚਾਰ ਸਾਲਾਂ ਬੱਚੇ ਅਤੇ ਇੱਕ 60 ਸਾਲਾਂ ਬਜ਼ੁਰਗ ਔਰਤ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਸੀ ।
ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੰਗਲਵਾਰ ਨੂੰ ਤਾਰਿਕ ਗਾਰਡਨ ਦੇ ਬਿਲਡਰ ਅਤੇ ਆਰਕੀਟੈਕਟ ਸਣੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਿਲਡਰ ਫਾਰੂਕ ਕਾਜ਼ੀ, ਸਲਾਹਕਾਰ ਬਾਹੂਬਲੀ ਧਾਮਨੇ ਅਤੇ ਆਰਕੀਟੈਕਟ ਗੌਰਵ ਸ਼ਾਹ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੰਤਰੀ ਵਿਜੇ ਵਡੇਤੀਵਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਆਪਣਾ ਘਰ ਗੁਆ ਦਿੱਤਾ ਹੈ, ਉਨ੍ਹਾਂ ਨੂੰ ਵੀ ਕੁਝ ਮਦਦ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਅਸੀਂ ਇਸ ਨੂੰ ਮੰਤਰੀ ਮੰਡਲ ਦੇ ਸਾਹਮਣੇ ਰੱਖਾਂਗੇ । ਅਸੀਂ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਹੀਂ ਛੱਡਾਂਗੇ । ਉਨ੍ਹਾਂ ਨੇ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸਾਰੀ ਸਮੱਗਰੀ ਦੀ ਗੁਣਵੱਤਾ ਬਹੁਤ ਮਾੜੀ ਹੈ ਅਤੇ ਹੱਥਾਂ ਨਾਲ ਟੁੱਟ ਰਹੀ ਹੈ।