Rail Roko Call: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਇਸੇ ਵਿਚਾਲੇ ਕਿਸਨਾਨ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂਆਂ ਵੱਲੋਂ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ 18 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਰੇਲ ਰੋਕੋ ਪ੍ਰੋਗਰਾਮ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਚੱਲੇਗਾ । ਉਨ੍ਹਾਂ ਕਿਹਾ ਕਿ ਕਿਸਾਨ ਰਸਤੇ ਵਿੱਚ ਰੇਲ ਨਹੀਂ ਰੋਕਣਗੇ, ਬਲਕਿ ਸਟੇਸ਼ਨ ‘ਤੇ ਹੀ ਰੇਲ ਨੂੰ ਤਿੰਨ ਤੋਂ ਚਾਰ ਘੰਟੇ ਲਈ ਰੇਲ ਰੋਕੀ ਜਾਵੇਗੀ। ਕਿਸਾਨ ਇੰਜਣ ‘ਤੇ ਫੁੱਲ ਭੇਟ ਕਰਕੇ ਰੇਲ ਨੂੰ ਰੋਕਣਗੇ ਅਤੇ ਯਾਤਰੀਆਂ ਨੂੰ ਚਾਹ-ਨਾਸ਼ਤਾ ਕਰਵਾਉਣਗੇ । ਇਸ ਦੌਰਾਨ ਯਾਤਰੀਆਂ ਨੂੰ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਅੰਨਦਾਤਾ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ । ਕਿਸਾਨ ਸਰਕਾਰ ਨੂੰ ਇਹ ਸੁਨੇਹਾ ਦੇਣਗੇ ਕਿ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਚੁੱਕਿਆ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਯੂਪੀ ਗੇਟ ’ਤੇ ਜਿਹੜੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹ ਇੱਥੇ ਹੀ ਰਹਿਣਗੇ। ਆਪਣੇ-ਆਪਣੇ ਪਿੰਡਾਂ ਦੇ ਕਿਸਾਨ ਨੇੜਲੇ ਸਟੇਸ਼ਨ ‘ਤੇ ਪਹੁੰਚ ਕੇ ਰੇਲ ਰੋਕਣਗੇ । ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਪਹਿਲਾ ਇੰਜਣ ‘ਤੇ ਫੁੱਲ ਮਾਲਾ ਚੜ੍ਹਾ ਕੇ ਰੇਲ ਨੂੰ ਰੋਕਿਆ ਜਾਵੇਗਾ। ਰੇਲ ਰੁਕਣ ਤੋਂ ਬਾਅਦ ਯਾਤਰੀਆਂ ਨੂੰ ਚਾਹ ਪਾਣੀ, ਨਾਸ਼ਤਾ ਆਦਿ ਕਰਵਾਇਆ ਜਾਵੇਗਾ । ਕਿਸਾਨ ਇਹ ਸਾਰਾ ਸਮਾਨ ਆਪਣੇ ਪਿੰਡ ਤੋਂ ਲਿਆਉਣਗੇ। ਇਸ ਦੌਰਾਨ ਯਾਤਰੀਆਂ ਨੂੰ ਦੱਸਿਆ ਜਾਵੇਗਾ ਕਿ ਆਟਾ, ਦਾਲ, ਤੇਲ, ਪੈਟਰੋਲ, ਡੀਜ਼ਲ ਆਦਿ ਚੀਜ਼ਾਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਕਿਸਾਨ ਵੀ ਵੱਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਸਰਕਾਰ ਅੰਨਦਾਤਾ ਦੀ ਨਹੀਂ ਸੁਣ ਰਹੀ।
ਦੱਸ ਦੇਈਏ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਦਾ ਆਉਣਾ ਜਾਰੀ ਹੈ । ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਨਾਲ-ਨਾਲ ਹੋਰ ਦੂਸਰੇ ਰਾਜਾਂ ਵਿੱਚੋਂ ਵੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਸੋਮਵਾਰ ਨੂੰ ਤੇਲੰਗਾਨਾ, ਰਾਜਸਥਾਨ, ਪੰਜਾਬ ਅਤੇ ਕੇਰਲ ਦੇ ਕਿਸਾਨ ਅੰਦੋਲਨ ਦੇ ਸਮਰਥਨ ਲਈ ਪਹੁੰਚੇ । ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਅੰਦੋਲਨ ਸਿਰਫ ਯੂਪੀ, ਹਰਿਆਣਾ ਅਤੇ ਪੰਜਾਬ ਹੀ ਨਹੀਂ, ਬਲਕਿ ਪੂਰੇ ਦੇਸ਼ ਦਾ ਅੰਦੋਲਨ ਹੈ। ਇੱਥੇ ਸਾਰੇ ਰਾਜਾਂ ਦੇ ਕਿਸਾਨ ਇਕੱਠੇ ਹੋਣਗੇ।