Railways run Rajdhani Express for one ride: ਰਾਂਚੀ: ਝਾਰਖੰਡ ਵਿੱਚ ਤਾਨਾ ਭਗਤਾਂ ਦੇ ਅੰਦੋਲਨ ਕਾਰਨ ਦਿੱਲੀ-ਰਾਂਚੀ ਮਾਰਗ ‘ਤੇ ਰੇਲ ਆਵਾਜਾਈ ਠੱਪ ਹੋ ਗਈ ਹੈ। ਵੀਰਵਾਰ ਨੂੰ ਦਿੱਲੀ ਤੋਂ ਰਾਂਚੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਨੂੰ 9 ਘੰਟੇ ਇੰਤਜ਼ਾਰ ਤੋਂ ਬਾਅਦ ਇਸ ਦੇ ਯਾਤਰੀਆਂ ਨੂੰ ਬੱਸ ਰਾਹੀਂ ਰਾਂਚੀ ਭੇਜਿਆ ਗਿਆ ਸੀ। ਪਰ ਇੱਕ ਯਾਤਰੀ ਨੇ ਬੱਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਲਵੇ ਨੂੰ ਇਕ ਯਾਤਰੀ ਲਈ ਰਾਜਧਾਨੀ ਐਕਸਪ੍ਰੈਸ ਚਲਾਉਣੀ ਪਈ। ਰਾਜਧਾਨੀ ਐਕਸਪ੍ਰੈਸ ‘ਤੇ ਕੁੱਲ 930 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਰੇਲ ਗੱਡੀ ਨਾ ਚੱਲ ਸਕਣ ‘ਤੇ ਰੇਲਵੇ ਨੇ ਬੱਸ ਦੇ ਜ਼ਰੀਏ ਭੇਜਣ ਦਾ ਬਦਲਵਾਂ ਪ੍ਰਬੰਧ ਕੀਤਾ। ਪਰ ਉਸੇ ਰੇਲ ਗੱਡੀ ਵਿੱਚ ਸਵਾਰ ਰਾਂਚੀ ਦੀ ਅਨਨਿਆ ਨੇ ਬੱਸ ਰਾਹੀਂ ਜਾਣ ਤੋਂ ਇਨਕਾਰ ਕਰ ਦਿੱਤਾ। ਅਨਨਿਆ ਮੁਗਲਸਰਾਏ ਤੋਂ ਰੇਲ ਗੱਡੀ ਵਿੱਚ ਚੜ੍ਹੀ ਸੀ ਅਤੇ ਰਾਂਚੀ ਦੀ ਯਾਤਰਾ ਕਰ ਰਹੀ ਸੀ। ਉਹ ਬਨਾਰਸ ਵਿੱਚ ਐਲਐਲਬੀ ਕਰ ਰਹੀ ਹੈ।
ਰੇਲਵੇ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਅਨਨਿਆ ਦੇ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਨੇ ਵੀ ਉਸ ਨੂੰ ਬੱਸ ਰਹੀ ਜਾਣ ਲਈ ਸਮਝਾਇਆ ਸੀ ਕਿਉਂਕਿ ਰੇਲਗੱਡੀ ਇਕੱਲੇ ਵਿਅਕਤੀ ਲਈ ਨਹੀਂ ਚੱਲ ਸਕਦੀ। ਪਰ ਅਨਾਨਿਆ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਰੇਲਵੇ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਯਾਤਰੀ ਨੂੰ ਮੰਜ਼ਿਲ ਤੱਕ ਲੈ ਕੇ ਜਾਵੇ, ਇਸ ਲਈ ਉਹ ਬੱਸ ਰਾਹੀਂ ਨਹੀਂ ਜਾਵੇਗੀ। ਰੇਲਵੇ ਅਧਿਕਾਰੀਆਂ ਨੇ ਕਾਰ ਰਾਹੀਂ ਭੇਜਣ ਲਈ ਵੀ ਕਿਹਾ ਪਰ ਅਨਨਿਆ ਨੇ ਇਨਕਾਰ ਕਰ ਦਿੱਤਾ। ਜਦੋਂ ਇਸ ਬਾਰੇ ਦਿੱਲੀ ‘ਚ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗਿਆ, ਤਾਂ ਉਨ੍ਹਾਂ ਨੇ ਲੜਕੀ ਲਈ ਰੇਲ ਗੱਡੀ ਚਲਾਉਣ ਦਾ ਆਰਡਰ ਦਿੱਤਾ। ਇਸ ਤੋਂ ਬਾਅਦ, ਅਧਿਕਾਰੀਆਂ ਨੇ ਦਿੱਲੀ-ਰਾਂਚੀ ਰਾਜਧਾਨੀ ਰਸਤਾ ਬੰਦ ਹੋਣ ਕਾਰਨ ਪਹਿਲਾਂ ਉਸ ਨੂੰ ਗਯਾ ਭੇਜਿਆ, ਅਤੇ ਫਿਰ ਉੱਥੋਂ ਗੋਮੋ ਅਤੇ ਬੋਕਾਰੋ ਹੁੰਦੇ ਹੋਏ ਰਾਂਚੀ ਲਈ ਰਵਾਨਾ ਕੀਤਾ। ਰੇਲਗੱਡੀ ਰਾਤ ਤਕਰੀਬਨ 1:45 ਵਜੇ ਰਾਂਚੀ ਸਟੇਸ਼ਨ ਪਹੁੰਚੀ, ਜਿਸ ਵਿੱਚ ਅਨਨਿਆ ਇਕੱਲੇ ਸੀ ਰੇਲਵੇ ਦੇ ਕਰਮਚਾਰੀਆਂ ਨੂੰ ਛੱਡ ਕੇ। ਸੁਰੱਖਿਆ ਲਈ ਆਰਪੀਐਫ ਦਾ ਇੱਕ ਜਵਾਨ ਵੀ ਉਸਦੇ ਨਾਲ ਸੀ। ਰੇਲਵੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਇੱਕ ਯਾਤਰੀ ਲਈ ਰਾਜਧਾਨੀ ਰੇਲ ਗੱਡੀ ਨੇ 535 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ।