Rainfall lashes Delhi-NCR: ਨਵੀਂ ਦਿੱਲੀ: ਐਤਵਾਰ ਸਵੇਰੇ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋਈ। ਦਿੱਲੀ ਵਿੱਚ ਐਤਵਾਰ ਸਵੇਰ ਤੋਂ ਹੀ ਬੱਦਲ ਛਾਏ ਰਹੇ । ਜਿਸ ਕਾਰਨ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹੈ । ਇਸ ਦੇ ਨਾਲ ਹੀ ਇਸ ਮੌਸਮ ਅਨੁਸਾਰ ਕੁਝ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਕਿਹਾ ਹੈ ਕਿ ਅਨੁਕੂਲ ਹਾਲਤਾਂ ਕਾਰਨ ਦੱਖਣ ਪੱਛਮੀ ਮਾਨਸੂਨ ਅੱਗੇ ਵਧ ਰਿਹਾ ਹੈ । ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਲੂ ਨਾ ਚੱਲਣ ਦਾ ਅਨੁਮਾਨ ਲਗਾਇਆ ਗਿਆ ਹੈ ।
ਭਾਰਤੀ ਮੌਸਮ ਵਿਭਾਗ (IMD) ਨੇ ਆਪਣੇ ਰੋਜ਼ਾਨਾ ਬੁਲੇਟਿਨ ਵਿੱਚ ਕਿਹਾ ਹੈ ਕਿ ਗਨਵਰਮ ਅਤੇ ਵਿਜੇਵਾੜਾ (ਤੱਟਵਰਤੀ ਆਂਧਰਾ ਪ੍ਰਦੇਸ਼) ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ ।
ਭਾਰਤੀ ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਇਸ ਖੇਤਰ ਵਿੱਚ 15 ਜੂਨ ਤੱਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ । ਉਨ੍ਹਾਂ ਕਿਹਾ ਕਿ 10 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵੱਧ ਜਾਵੇਗਾ ਪਰ ਇਹ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਉਮੀਦ ਹੈ ।
ਬੰਗਾਲ ਦੀ ਖਾੜੀ ਦੇ ਘੱਟ ਦਬਾਅ ਕਾਰਨ ਨਮੀ ਨਾਲ ਭਰੀਆਂ ਪੂਰਬੀ ਹਵਾਵਾਂ ਕਾਰਨ 12 ਜੂਨ ਅਤੇ 13 ਜੂਨ ਨੂੰ ਦਿੱਲੀ-ਐਨਸੀਆਰ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸ ਪਾਸ ਰਹੇਗਾ ।