ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਖੜ੍ਹੀ ਇੱਕ ਟ੍ਰੇਨ ਵਿੱਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ CRPF ਦੇ 6 ਜਵਾਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 6.30 ਵਜੇ ਦੇ ਕਰੀਬ ਪਲੇਟਫਾਰਮ ਨੰਬਰ-2 ‘ਤੇ ਵਾਪਰਿਆ ਹੈ । ਇਸ ਹਾਦਸੇ ਵਿੱਚ ਇੱਕ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ, ਜਿਸਨੂੰ ਇਲਾਜ ਲਈ ਰਾਏਪੁਰ ਦੇ ਸ੍ਰੀ ਨਾਰਾਇਣ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਪ੍ਰਸਾਸ਼ਨ ਵੱਲੋਂ ਹੋਰ ਜ਼ਖਮੀ ਹੋਏ ਜਵਾਨਾਂ ਨੂੰ ਰੈਸਕਿਊ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਟੋਨੇਟਰ ਫਟਣ ਨਾਲ ਬਲਾਸਟ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ: BSF ਮੁੱਦੇ ‘ਤੇ ‘ਆਪ’ ਆਗੂ ਰਾਘਵ ਚੱਢਾ ਨੇ ਘੇਰੀ ਚੰਨੀ ਸਰਕਾਰ, ਲਾਇਆ ਵੱਡਾ ਇਲਜ਼ਾਮ
ਮਿਲੀ ਜਾਣਕਾਰੀ ਅਨੁਸਾਰ ਰਾਏਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ‘ਤੇ ਖੜ੍ਹੀ ਟ੍ਰੇਨ ਵਿੱਚ ਸਵੇਰੇ 6 ਵਜੇ ਦੇ ਕਰੀਬ ਧਮਾਕਾ ਹੋਇਆ। CRPF 211ਵੀਂ ਬਟਾਲੀਅਨ ਦੇ ਜਵਾਨ ਸਪੈਸ਼ਲ ਟ੍ਰੇਨ ਰਾਹੀਂ ਜਾ ਰਹੇ ਸਨ। ਰਾਏਪੁਰ ਰੇਲਵੇ ਪੀਆਰਓ ਸ਼ਿਵ ਪ੍ਰਸਾਦ ਨੇ ਬਲਾਸਟ ਦੀ ਪੁਸ਼ਟੀ ਕਰ ਦਿੱਤੀ ਹੈ।
ਦੱਸ ਦੇਈਏ ਕਿ ਟ੍ਰੇਨ ਵਿੱਚ ਹੋਏ ਇਸ ਧਮਾਕੇ ਤੋਂ ਬਾਅਦ ਸਟੇਸ਼ਨ ‘ਤੇ ਕੁਝ ਸਮੇਂ ਲਈ ਹਫੜਾ -ਦਫੜੀ ਦਾ ਮਾਹੌਲ ਬਣ ਗਿਆ । ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਸੀਆਰਪੀਐਫ ਦੇ ਡੀਆਈਜੀ ਵੀ ਰੇਲਵੇ ਸਟੇਸ਼ਨ ਪਹੁੰਚੇ ਸਨ।