Raj bhavan march of congress : ਪੈਟਰੋਲ- ਡੀਜ਼ਲ ਅਤੇ ਐਲਪੀਜੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਜੰਮੂ ਵਿੱਚ ਕਾਂਗਰਸੀ ਵਰਕਰਾਂ ਨੇ ਅੱਜ ਅਨੋਖੇ ਤਰੀਕੇ ਨਾਲ ਵਿਰੋਧ ਕਰਦਿਆਂ ਗੈਸ ਸਿਲੰਡਰ ਦੀ ਅੰਤਿਮ ਯਾਤਰਾ ਕੱਢੀ ਹੈ। ਕਾਂਗਰਸੀ ਵਰਕਰ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਰਾਜ ਭਵਨ ਦਾ ਘੇਰਾਓ ਕਰਨ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਧ ਵਿੱਚ ਹੀ ਰੋਕ ਲਿਆ। ਐਲਪੀਜੀ, ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਜੰਮੂ ‘ਚ ਕਾਂਗਰਸੀ ਵਰਕਰ ਸ਼ਨੀਵਾਰ ਨੂੰ ਸੜਕਾਂ ‘ਤੇ ਨਾਅਰੇਬਾਜ਼ੀ ਕਰਦੇ ਰਹੇ। ਕਾਂਗਰਸ ਵਰਕਰਾਂ ਨੇ ਵੱਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਉਂਦੇ ਹੋਏ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਾਇਆ ਹੈ।
ਕਾਂਗਰਸੀ ਵਰਕਰ ਸਿਲੰਡਰ ਦੀ ਅੰਤਿਮ ਯਾਤਰਾ ਦੌਰਾਨ ਰਾਜ ਭਵਨ ਲਈ ਰਵਾਨਾ ਹੋਏ ਸੀ, ਪਰ ਪਹਿਲਾਂ ਤੋਂ ਉੱਥੇ ਮੌਜੂਦ ਪੁਲਿਸ ਟੀਮ ਨੇ ਕਾਂਗਰਸੀ ਵਰਕਰਾਂ ਨੂੰ ਰਾਜ ਭਵਨ ਪਹੁੰਚਣ ਤੋਂ ਰੋਕਿਆ ਅਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਕਾਰ ਕਾਫੀ ਧੱਕਾ ਮੁੱਕੀ ਵੀ ਹੋਈ। ਸੂਬਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਸਾਹਨੀ ਨੇ ਦੋਸ਼ ਲਾਇਆ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ, ਆਮ ਲੋਕ ਪ੍ਰੇਸ਼ਾਨ ਹਨ ਅਤੇ ਇਸੇ ਕਾਰਨ ਹੀ ਕਾਂਗਰਸ ਸੜਕਾਂ ‘ਤੇ ਹੈ। ਯੋਗੇਸ਼ ਨੇ ਦਾਅਵਾ ਕੀਤਾ ਕਿ ਉਹ ਆਮ ਲੋਕਾਂ ਦੀ ਇਸ ਬੇਨਤੀ ਨੂੰ ਲੈ ਕੇ ਹੀ ਰਾਜ ਭਵਨ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਦਿੱਤਾ।